ਸੰਤ ਫ਼ਰਾਂਸਿਸ ਸਕੂਲ ਬਟਾਲਾ ਵਿਖੇ ਮਨਾਈ ਗਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ
ਬਟਾਲਾ 4 ਸਤੰਬਰ( ਨਰਿੰਦਰ ਕੌਰ ਪੁਰੇਵਾਲ,ਰਿੰਕੂ ਰਾਜਾ)
ਸੰਤ ਫ਼ਰਾਂਸਿਸ ਸਕੂਲ ਬਟਾਲਾ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ।ਇਸ ਮੌਕੇ ਸਕੂਲ ਚ ਇਕ ਪ੍ਰੋਗਰਾਮ ਕਰਵਾਇਆ ਗਿਆ।ਇਸ ਵਿੱਚ ਬੱਚਿਆਂ ਨੇ ਗੀਤ , ਕਵਿਤਾਵਾਂ ਤੇ ਸੁੰਦਰ ਨਾਚ ਰਾਹੀਂ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਉੱਪਰ ਝਾਤ ਪਾਉਂਦਿਆਂ ਹੋਇਆਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਮਹੱਤਤਾ ਨੂੰ ਉਜਾਗਰ ਕੀਤਾ । ਪੇਸ਼ਕਾਰੀ ਦੌਰਾਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਤੇ ਗੋਪੀਆਂ ਦੀ ਵੇਸ-ਭੂਸ਼ਾ ਵਿੱਚ ਤਿਆਰ ਹੋਏ ਬੱਚੇ ਮਾਹੌਲ ਨੂੰ ਧਾਰਮਿਕ ਰੰਗਤ ਦੇ ਰਹੇ ਸਨ।ਇਸ ਵਿਸ਼ੇਸ਼ ਮੌਕੇ ’ਤੇ ਸਕੂਲ ਦੇ ਪ੍ਰਿੰਸੀਪਲ ਫਾਦਰ ਜਸਟਿਨ ਜੋਸਫ਼ ਜੀ ਨੇ ਸਾਰਿਆਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਇਹ ਤਿਉਹਾਰ ਸਾਨੂੰ ਨਵਾਂ ਉਤਸ਼ਾਹ ਦੇ ਕੇ ਅਤੇ ਬਿਨਾਂ ਕਿਸੇ ਫਲ ਦੀ ਪ੍ਰਾਪਤੀ ਦੀ ਲਾਲਸਾ ਰੱਖਦੇ ਹੋਏ,ਸੱਚ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਦਾ ਹੈ। ਉਨਾਂ ਕਿਹਾ ਕਿ ਸ੍ਰੀ ਕ੍ਰਿਸ਼ਨ ਜੀ ਦੀਆਂ ਸਿੱਖਿਆਵਾਂ ਜਿੱਥੇ ਸਾਨੂੰ ਸਮਾਜਿਕ ਬੁਰਾਈਆਂ ਦੇ ਵਿਰੁੱਧ ਡੱਟ ਕੇ ਖੜੇ ਹੋਣ ਅਤੇ ਉਨ੍ਹਾਂ ਦਾ ਖ਼ਾਤਮਾ ਕਰਨ ਦੇ ਲਈ ਪ੍ਰੇਰਿਤ ਕਰਦੀਆਂ ਹਨ ,ਉੱਥੇ ਸਾਨੂੰ ਚੰਗੇ ਆਚਰਨ ਦਾ ਧਾਰਨੀ ਬਣਨ ਦਾ ਸੁਨੇਹਾ ਵੀ ਦਿੰਦੀਆਂ ਹਨ । ਪ੍ਰਿੰਸੀਪਲ ਵੱਲੋਂ ਇਸ ਮੌਕੇ ’ਤੇ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਪੇਸ਼ ਕਰਨ ਅਤੇ ਇਸ ਦੀ ਤਿਆਰੀ ਵਿੱਚ ਆਪਣਾ ਸਹਿਯੋਗ ਦੇਣ ਵਾਲੇ ਅਧਿਆਪਕਾਂ ਦੀ ਵਿਸ਼ੇਸ਼ ਤੌਰ ’ਤੇ ਸਲਾਹਣਾ ਵੀ ਕੀਤੀ ਗਈ।