ਰਾਜ ਪੱਧਰ ਤੇ ਚਮਕੇ ਆਰ.ਡੀ.ਖੋਸਲਾ ਸਕੂਲ ਦੇ ਵਿਦਿਆਰਥੀ,ਐਸ.ਆਈ. ਐਲ.2.0 ਦੇ ਰੀਜਨਲ ਰਾਊਂਡ ਵਿੱਚ ਹਾਸਲ ਕੀਤਾ ਦੂਜਾ ਸਥਾਨ, ਅੰਤਰਰਾਸ਼ਟਰੀ ਮੁਕਾਬਲੇ ਲਈ ਹੋਈ ਚੋਣ
ਬਟਾਲਾ 25 ਨਵੰਬਰ (ਨਰਿੰਦਰ ਕੌਰ ਪੁਰੇਵਾਲ, ਰਿੰਕੂ ਰਾਜਾ)ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੈਂਡਰੀ ਸਕੂਲ ਬਟਾਲਾ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਸਿਰਜਣਾਤਮਕ ਸੋਚ ਤੇ ਨਵੀਨਤਮ ਵਿਚਾਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਕ ਵਾਰ ਫਿਰ ਸਕੂਲ ਦਾ ਨਾਮ ਰੋਸ਼ਨ ਕੀਤਾ। ਰਾਜਪੁਰਾ ਵਿਖੇ ਆਯੋਜਿਤ ਐਸ.ਆਈ.ਐਲ.2.0 ਦੇ ਰੀਜਨਲ ਰਾਊਂਡ ਵਿੱਚ ਸਕੂਲ ਦੇ ਵਿਦਿਆਰਥੀਆਂ ਵੈਭਵ ਸ਼ਰਮਾ ਅਤੇ ਨਮਿਸ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਉਨਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਹੋਣ ਵਾਲੇ ਅਗਲੇ ਰਾਉਂਡ ਲਈ ਚੁਣੇ ਜਾਣ ਦਾ ਮਾਣ ਵੀ ਹਾਸਿਲ ਕੀਤਾ। ਇਸ ਮੁਕਾਬਲੇ ਵਿੱਚ ਲਗਭਗ 50 ਸਕੂਲਾਂ ਨੇ ਭਾਗ ਲਿਆ,ਸਖਤ ਮੁਕਾਬਲੇ ਦੇ ਬਾਵਜੂਦ ਆਰ.ਡੀ. ਖੋਸਲਾ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਅਤੇ ਕੌਸ਼ਲ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਿਲ ਕੀਤਾ। ਵਿਦਿਆਰਥੀਆਂ ਦੀ ਇਸ ਪ੍ਰਾਪਤੀ ਨੇ ਨਾ ਸਿਰਫ ਸਕੂਲ ਬਲਕਿ ਪੂਰੇ ਬਟਾਲੇ ਇਲਾਕੇ ਦਾ ਮਾਣ ਵਧਾਇਆ ਹੈ। ਹੁਣ ਸਕੂਲ ਦੇ ਇਹ ਵਿਦਿਆਰਥੀ ਅੰਤਰਰਾਸ਼ਟਰੀ ਮੰਚ ਤੇ ਵੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਲਈ ਤਿਆਰ ਹਨ। ਸਕੂਲ ਦੇ ਚੇਅਰਮੈਨ ਅਰਵਿੰਦ ਖੋਸਲਾ, ਪ੍ਰਧਾਨ ਅਜੇ ਖੋਸਲਾ ਅਤੇ ਪ੍ਰਿੰਸੀਪਲ ਡਾਕਟਰ ਬਿੰਦੂ ਭੱਲਾ ਨੇ ਵਿਦਿਆਰਥੀਆਂ ਅਤੇ ਉਨਾਂ ਦੇ ਅਧਿਆਪਕ ਅਭਿਸ਼ੇਕ ਜੋਲੀ ਨੂੰ ਇਸ ਸ਼ਾਨਦਾਰ ਸਫਲਤਾ ਲਈ ਹਾਰਦਿਕ ਵਧਾਈ ਦਿੱਤੀ।ਉਨਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿੱਚ ਨਵੀਨਤਮ ਸੋਚ ,ਆਤਮ ਵਿਸ਼ਵਾਸ਼ ਅਤੇ ਵਿਸ਼ਵ ਪੱਧਰ ਤੇ ਆਪਣੀ ਪਹਿਚਾਣ ਬਣਾਉਣ ਦੀ ਸਮਰੱਥਾ ਵਿਕਸਿਤ ਕਰਦੇ ਹਨ। ਉਨਾਂ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਆਉਣ ਵਾਲੇ ਅੰਤਰਰਾਸ਼ਟਰੀ ਰਾਉਂਡ ਲਈ ਸ਼ੁਭਕਾਮਨਾ ਦਿੱਤੀਆਂ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਵਿਦਿਆਰਥੀ ਉਥੇ ਵੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣਗੇ ਅਤੇ ਸਕੂਲ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨਗੇ। ਉਨਾਂ ਕਿਹਾ ਕਿ ਇਹ ਪ੍ਰਾਪਤੀ ਇਸ ਗੱਲ ਦਾ ਪ੍ਰਮਾਣ ਹੈ ਕਿ ਜੇਕਰ ਵਿਦਿਆਰਥੀਆਂ ਨੂੰ ਸਹੀ ਮਾਰਗਦਰਸ਼ਨ ਅਤੇ ਉਚਿਤ ਮੌਕੇ ਮਿਲਣ ਤਾਂ ਉ ਅੰਤਰਰਾਸ਼ਟਰੀ ਮੰਚ ਤੇ ਵੀ ਆਪਣੀ ਵਿਲੱਖਣ ਪਛਾਣ ਬਣਾ ਸਕਦੇ ਹਨ ।
Batala, Gurdaspur | Nov 25, 2026