Public App Logo
ਮਥੁਰਾਦਾਸ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਦੀ ਮਜਬੂਰੀ ਦਾ ਕਥਿਤ ਤੌਰ ’ਤੇ ਫਾਇਦਾ ਚੁੱਕਣ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਦੇ ਬਾਹਰ ਨਿੱਜੀ ਐਂਬੂਲੈਂਸਾਂ ਦੀ ਮੌਜੂਦਗੀ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਮੋਗਾ-ਅੰਮ੍ਰਿਤਸਰ ਰੋਡ ’ਤੇ ਫਾਇਰ ਬ੍ਰਿਗੇਡ ਦੀ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਦੋ ਮਜ਼ਦੂਰ ਜ਼ਖ਼ਮੀ ਹੋਏ ਸਨ। ਇਨ੍ਹਾਂ ਵਿੱਚੋਂ ਬਿਹਾਰ ਵਾਸੀ ਬਿੱਟੂ ਕੁਮਾਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਮੋਗਾ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਨੂੰ ਜਦੋਂ ਮ੍ਰਿਤਕ ਦੇਹ ਬਿਹਾਰ ਸਥਿਤ ਪਿੰਡ ਲਿਜਾਣ ਲਈ ਨਿੱਜੀ ਐਂਬੂਲੈਂਸ ਦੀ ਲੋੜ ਪਈ ਤਾਂ ਕਥਿਤ ਤੌਰ ’ਤੇ ਦੋ ਐਂਬੂਲੈਂਸ ਚਾਲਕਾਂ ਵਿਚਕਾਰ ਕਿਰਾਏ ਨੂੰ ਲੈ ਕੇ ਬਹਿਸ ਹੋ ਗਈ। ਇੱਕ ਵੱਲੋਂ ₹50 ਹਜ਼ਾਰ, ਜਦਕਿ ਦੂਜੇ ਵੱਲੋਂ ₹40 ਹਜ਼ਾਰ ਦੀ ਮੰਗ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਇੰਨੀ ਵੱਡੀ ਰਕਮ ਸੁਣ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਨਾਰਾਜ਼ਗੀ ਜਤਾਈ। ਪਰਿਵਾਰ ਦਾ ਕਹਿਣਾ ਹੈ ਕਿ ਹਾਦਸੇ ਵਿੱਚ ਆਪਣਾ ਜੀਅ ਗੁਆਉਣ ਤੋਂ ਬਾਅਦ ਮ੍ਰਿਤਕ ਦੇਹ ਨੂੰ ਘਰ ਲਿਜਾਣ ਲਈ ਵੀ ਇੰਨੀ ਵੱਡੀ ਰਕਮ ਇਕੱਠੀ ਕਰਨਾ ਉਨ੍ਹਾਂ ਲਈ ਬੇਹੱਦ ਮੁਸ਼ਕਲ ਹੈ। ਇਸ ਘਟਨਾ ਤੋਂ ਬਾਅਦ ਨਿੱਜੀ ਐਂਬੂਲੈਂਸਾਂ ਦੇ ਕਿਰਾਏ ਅਤੇ ਹਸਪਤਾਲਾਂ ਦੇ ਬਾਹਰ ਉਨ੍ਹਾਂ ਦੀ ਨਿਗਰਾਨੀ ਨੂੰ ਲੈ ਕੇ ਸਵਾਲ ਉੱਠ ਰਹੇ ਹਨ। - SAS Nagar Mohali News