*ਅਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ*
*ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ*
*ਅੰਗ-586, 17 ਅਗਸਤ 2026*
*ਸਲੋਕੁ ਮਃ ੩ ॥*
*ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖ ਸਾਰੁ ॥*
ਗੁਰੂ ਦੀ ਦੱਸੀ ਸੇਵਾ ਚਾਕਰੀ ਕਰਨੀ ਚੰਗੇ ਤੋਂ ਚੰਗੇ ਸੁਖ ਦਾ ਤੱਤ ਹੈ;
*ਐਥੈ ਮਿਲਨਿ ਵਡਿਆਈਆ ਦਰਗਹ ਮੋਖ ਦੁਆਰੁ ॥*
(ਗੁਰੂ ਦੀ ਦੱਸੀ ਸੇਵਾ ਕੀਤਿਆਂ) ਜਗਤ ਵਿਚ ਆਦਰ ਮਿਲਦਾ ਹੈ, ਤੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂਈ ਦਾ ਦਰਵਾਜ਼ਾ।
*ਸਚੀ ਕਾਰ ਕਮਾਵਣੀ ਸਚੁ ਪੈਨਣੁ ਸਚੁ ਨਾਮੁ ਅਧਾਰੁ ॥*
(ਗੁਰ-ਸੇਵਾ ਦੀ ਇਹੀ) ਸੱਚੀ ਕਾਰ ਕਮਾਉਣ-ਜੋਗ ਹੈ, (ਇਸ ਨਾਲ) ਮਨੁੱਖ ਨੂੰ (ਪੜਦੇ ਕੱਜਣ ਲਈ) ਸੱਚਾ ਨਾਮ-ਰੂਪ ਪੁਸ਼ਾਕਾ ਮਿਲ ਜਾਂਦਾ ਹੈ,
*ਸਚੀ ਸੰਗਤਿ ਸਚਿ ਮਿਲੈ ਸਚੈ ਨਾਇ ਪਿਆਰੁ ॥*
ਸੱਚੀ ਸੰਗਤ ਵਿਚ ਸੱਚੇ ਨਾਮ ਵਿਚ ਪਿਆਰ ਪੈਂਦਾ ਹੈ ਤੇ ਸੱਚੇ ਪ੍ਰਭੂ ਵਿਚ ਸਮਾਈ ਹੋ ਜਾਂਦੀ ਹੈ।
*ਸਚੈ ਸਬਦਿ ਹਰਖੁ ਸਦਾ ਦਰਿ ਸਚੈ ਸਚਿਆਰੁ ॥*
(ਗੁਰੂ ਦੇ) ਸੱਚੇ ਸ਼ਬਦ ਦੀ ਬਰਕਤਿ ਨਾਲ (ਮਨੁੱਖ ਦੇ ਮਨ ਵਿਚ) ਸਦਾ ਖ਼ੁਸ਼ੀ ਬਣੀ ਰਹਿੰਦੀ ਹੈ, ਤੇ ਪ੍ਰਭੂ ਦੀ ਹਜ਼ੂਰੀ ਵਿਚ ਮਨੁੱਖ ਸੁਰਖ਼ਰੂ ਹੋ ਜਾਂਦਾ ਹੈ।
*ਨਾਨਕ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਨੋ ਨਦਰਿ ਕਰੈ ਕਰਤਾਰੁ ॥* ੧॥
ਹੇ ਨਾਨਕ! ਸਤਿਗੁਰੂ ਦੀ ਦੱਸੀ ਹੋਈ ਕਾਰ ਉਹੀ ਮਨੁੱਖ ਕਰਦਾ ਹੈ, ਜਿਸ ਉਤੇ ਪ੍ਰਭੂ ਆਪ ਮੇਹਰ ਦੀ ਨਜ਼ਰ ਕਰਦਾ ਹੈ ॥੧॥
*ਮਃ ੩ ॥*
*ਹੋਰ ਵਿਡਾਣੀ ਚਾਕਰੀ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ ॥*
(ਪ੍ਰਭੂ ਦੀ ਬੰਦਗੀ ਛੱਡ ਕੇ) ਹੋਰ ਬਿਗਾਨੀ ਕਾਰ ਕਰਨ ਵਾਲਿਆਂ ਦਾ ਜੀਊਣਾ ਤੇ ਵੱਸਣਾ ਫਿਟਕਾਰ-ਜੋਗ ਹੈ।
*ਅੰਮ੍ਰਿਤੁ ਛੋਡਿ ਬਿਖੁ ਲਗੇ ਬਿਖੁ ਖਟਣਾ ਬਿਖੁ ਰਾਸਿ ॥*
ਐਸੇ ਮਨੁੱਖ ਅੰਮ੍ਰਿਤ ਛੱਡ ਕੇ (ਮਾਇਆ-ਰੂਪ) ਜ਼ਹਿਰ (ਇਕੱਠਾ ਕਰਨ) ਵਿਚ ਲੱਗੇ ਹੋਏ ਹਨ ਤੇ ਜ਼ਹਿਰ ਹੀ ਉਹਨਾਂ ਦੀ ਖੱਟੀ-ਕਮਾਈ ਤੇ ਪੂੰਜੀ ਹੈ।
*ਬਿਖੁ ਖਾਣਾ ਬਿਖੁ ਪੈਨਣਾ ਬਿਖੁ ਕੇ ਮੁਖਿ ਗਿਰਾਸ ॥*
ਉਨ੍ਹਾਂ ਦੀ ਖ਼ੁਰਾਕ ਤੇ ਪੁਸ਼ਾਕ ਜ਼ਹਿਰ ਹੈ ਤੇ ਜ਼ਹਿਰ ਹਨ ਮੂੰਹ ਵਿਚ ਦੀਆਂ ਗਿਰਾਹੀਆਂ।
*ਐਥੈ ਦੁਖੋ ਦੁਖੁ ਕਮਾਵਣਾ ਮੁਇਆ ਨਰਕਿ ਨਿਵਾਸੁ ॥*
ਅਜੇਹੇ ਬੰਦੇ ਜਗਤ ਵਿਚ ਨਿਰਾ ਦੁੱਖ ਹੀ ਭੋਗਦੇ ਹਨ ਤੇ ਮੋਇਆਂ ਭੀ ਉਹਨਾਂ ਦਾ ਵਾਸ ਨਰਕ ਵਿਚ ਹੀ ਹੁੰਦਾ ਹੈ।
*ਮਨਮੁਖ ਮੁਹਿ ਮੈਲੈ ਸਬਦੁ ਨ ਜਾਣਨੀ ਕਾਮ ਕਰੋਧਿ ਵਿਣਾਸੁ ॥*
ਮੂੰਹੋਂ ਮੈਲੇ ਹੋਣ ਕਰਕੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦੇ ਅਤੇ ਕਾਮ, ਕ੍ਰੋਧ ਨਾਲ ਉਹਨਾਂ ਦੀ (ਆਤਮਕ) ਮੌਤ ਹੋ ਜਾਂਦੀ ਹੈ।
*ਸਤਿਗੁਰ ਕਾ ਭਉ ਛੋਡਿਆ ਮਨਹਠਿ ਕੰਮੁ ਨ ਆਵੈ ਰਾਸਿ ॥*
ਸਤਿਗੁਰੂ ਦਾ ਅਦਬ ਛੱਡ ਦੇਣ ਕਰ ਕੇ, ਮਨ ਦੇ ਹਠ ਨਾਲ ਕੀਤਾ ਹੋਇਆ ਉਹਨਾਂ ਦਾ ਕੋਈ ਕੰਮ ਸਿਰੇ ਨਹੀਂ ਚੜ੍ਹਦਾ।
*ਜਮ ਪੁਰਿ ਬਧੇ ਮਾਰੀਅਹਿ ਕੋ ਨ ਸੁਣੇ ਅਰਦਾਸਿ ॥*
(ਇਸ ਵਾਸਤੇ ਮਨਮੁਖ ਮਨੁੱਖ) ਜਮ-ਪੁਰੀ ਵਿਚ ਬੱਧੇ ਮਾਰ ਖਾਂਦੇ ਹਨ ਤੇ ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ।
*ਨਾਨਕ ਪੂਰਬਿ ਲਿਖਿਆ ਕਮਾਵਣਾ ਗੁਰਮੁਖਿ ਨਾਮਿ ਨਿਵਾਸੁ ॥੨॥*
ਹੇ ਨਾਨਕ! ਜੀਵ ਮੁੱਢ ਤੋਂ (ਕੀਤੇ ਕਰਮਾਂ-ਅਨੁਸਾਰ) ਲਿਖਿਆ ਲੇਖ ਕਮਾਉਂਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੀ ਸੁਰਤ ਨਾਮ ਵਿਚ ਜੁੜੀ ਰਹਿੰਦੀ ਹੈ ॥੨॥
*ਪਉੜੀ ॥*
*ਸੋ ਸਤਿਗੁਰੁ ਸੇਵਿਹੁ ਸਾਧ ਜਨੁ ਜਿਨਿ ਹਰਿ ਹਰਿ ਨਾਮੁ ਦ੍ਰਿੜਾਇਆ ॥*
ਜਿਸ ਸਤਿਗੁਰੂ ਨੇ ਪ੍ਰਭੂ ਦਾ ਨਾਮ (ਮਨੁੱਖ ਦੇ ਹਿਰਦੇ ਵਿਚ) ਪੱਕਾ ਕਰਾਇਆ ਹੈ, ਉਸ ਸਾਧ-ਗੁਰੂ ਦੀ ਸੇਵਾ ਕਰੋ।
*ਸੋ ਸਤਿਗੁਰੁ ਪੂਜਹੁ ਦਿਨਸੁ ਰਾਤਿ ਜਿਨਿ ਜਗੰਨਾਥੁ ਜਗਦੀਸੁ ਜਪਾਇਆ ॥*
ਜਿਸ ਗੁਰੂ ਨੇ ਜਗਤ ਦੇ ਮਾਲਕ ਤੇ ਨਾਥ ਦਾ ਨਾਮ (ਜੀਵਾਂ ਤੋਂ) ਜਪਾਇਆ ਹੈ, ਉਸ ਦੀ ਦਿਨ ਰਾਤ ਪੂਜਾ ਕਰੋ।
*ਸੋ ਸਤਿਗੁਰੁ ਦੇਖਹੁ ਇਕ ਨਿਮਖ ਨਿਮਖ ਜਿਨਿ ਹਰਿ ਕਾ ਹਰਿ ਪੰਥੁ ਬਤਾਇਆ ॥*
ਜਿਸ ਗੁਰੂ ਨੇ ਪਰਮਾਤਮਾ (ਦੇ ਮਿਲਣ) ਦਾ ਰਾਹ ਦੱਸਿਆ ਹੈ, ਉਸ ਦਾ ਹਰ ਵੇਲੇ ਦਰਸ਼ਨ ਕਰੋ।
*ਤਿਸੁ ਸਤਿਗੁਰ ਕੀ ਸਭ ਪਗੀ ਪਵਹੁ ਜਿਨਿ ਮੋਹ ਅੰਧੇਰੁ ਚੁਕਾਇਆ ॥*
ਜਿਸ ਸਤਿਗੁਰੂ ਨੇ (ਜੀਵਾਂ ਦੇ ਹਿਰਦੇ ਵਿਚੋਂ ਮਾਇਆ ਦੇ) ਮੋਹ ਦਾ ਹਨੇਰਾ ਦੂਰ ਕੀਤਾ ਹੈ, ਸਾਰੇ ਉਸ ਦੀ ਚਰਨੀਂ ਲੱਗੋ।
*ਸੋ ਸਤਗੁਰੁ ਕਹਹੁ ਸਭਿ ਧੰਨੁ ਧੰਨੁ ਜਿਨਿ ਹਰਿ ਭਗਤਿ ਭੰਡਾਰ ਲਹਾਇਆ ॥੩॥*
ਜਿਸ ਗੁਰੂ ਨੇ ਪ੍ਰਭੂ ਦੀ ਭਗਤੀ ਦੇ ਖ਼ਜ਼ਾਨੇ ਲਭਾ ਦਿੱਤੇ ਹਨ, ਆਖੋ-ਉਹ ਗੁਰੂ ਧੰਨ ਹੈ, ਉਹ ਗੁਰੂ ਧੰਨ ਹੈ ॥੩॥
*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫ਼ਤਹਿ ਜੀ* 🙏