
ਵਿਧਾਨ ਸਭਾ ਹਲਕਾ ਰੋਪੜ ਵਿੱਚ ਕਾਂਗਰਸ ਦੇ ਸੰਭਾਵਿਤ ਉਮੀਦਵਾਰ ਵਜੋਂ ਸਰਗਰਮ ਹੋਏ ਸੰਜੇ ਵਰਮਾ ਬੇਲੇ ਵਾਲੇ , ਕਾਂਗਰਸ ਹਾਈਕਮਾਨ ਵੱਲੋਂ ਹਰੀ ਝੰਡੀ ਮਿਲਣ ਦੇ ਚਰਚੇ
ਨਗਰ ਕੌਂਸਲ ਰੋਪੜ ਦੇ ਸਾਬਕਾ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਵਿਧਾਨ ਸਭਾ ਚੋਣਾਂ ਹਲਕਾ ਰੋਪੜ ਤੋਂ ਕਾਂਗਰਸ ਪਾਰਟੀ ਦੇ ਸੰਭਾਵਿਤ ਉਮੀਦਵਾਰ ਵਜੋਂ ਸਰਗਰਮ ਹੋ ਗਏ ਹਨ। ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਸੰਜੇ ਵਰਮਾ ਬੇਲੇ ਵਾਲੇ ਵਲੋਂ ਲਗਾਤਾਰ ਕਾਂਗਰਸ ਪਾਰਟੀ ਦੇ ਪ੍ਰਚਾਰ ਲਈ ਪੋਸਟਾਂ ਪਾਉਣ ਸਮੇਤ ਕਾਂਗਰਸ ਦੇ ਵੱਡੇ ਆਗੂਆਂ ਵਿੱਚ ਖਾਸ ਤੌਰ ਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਨਾਲ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਹਾਈਕਮਾਨ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਸੰਜੇ ਵਰਮਾ ਬੇਲੇ ਵਾਲੇ ਰੋਪੜ ਹਲਕੇ ਦੀ ਰਾਜਧਾਨੀ ਵਿਚ ਸਰਗਰਮ ਹੋ ਗਏ ਹਨ। ਰੋਪੜ ਸ਼ਹਿਰ ਵਿੱਚ ਵੀ ਪਿਛਲੇ ਦਿਨੀਂ ਤੋਂ ਚਰਚਾ ਚੱਲ ਰਹੀ ਹੈ ਅਤੇ ਨਗਰ ਕੌਂਸਲ ਰੋਪੜ ਦੇ ਸਾਬਕਾ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਨੂੰ ਕਾਂਗਰਸ ਪਾਰਟੀ ਦੀ ਹਾਈਕਮਾਨ ਵੱਲੋਂ ਕੋਈ ਨਾ ਕੋਈ ਇਸ਼ਾਰਾ ਜ਼ਰੂਰ ਹੋਇਆ ਹੋਵੇਗਾ ਕਿ ਉਹ ਪਾਰਟੀ ਦੀ ਸੇਵਾ ਲਈ ਤਿਆਰ ਰਹਿਣ। ਕਾਬਿਲੇਗੌਰ ਸੰਜੇ ਵਰਮਾ ਬੇਲੇ ਵਾਲਿਆਂ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ ਹੈ ਅਤੇ ਇਨ੍ਹਾਂ ਦੇ ਪਿਤਾ ਸਵਰਗਵਾਸੀ ਕ੍ਰਿਸ਼ਨ ਲਾਲ ਸਰਾਫ ਤੇ ਚਾਚਾ ਸੁਦਰਸ਼ਨ ਲਾਲ ਸਰਾਫ ਵੀ ਨਗਰ ਕੌਂਸਲ ਰੋਪੜ ਦੇ ਮੈਂਬਰ ਵਜੋਂ ਸੇਵਾ ਨਿਭਾਅ ਚੁੱਕੇ ਹਨ ਅਤੇ ਬੇਲਾ ਪਰਿਵਾਰ ਦਾ ਰੋਪੜ ਸ਼ਹਿਰ ਤੇ ਇਲਾਕੇ ਵਿਚ ਚੰਗਾ ਅਸਰ ਰਸੂਖ ਹੈ ਅਤੇ ਲੋਕਾਂ ਨਾਲ ਮਿਲਵਰਤਨ ਬਹੁਤ ਮਜ਼ਬੂਤ ਹੈ। ਕਾਂਗਰਸ ਪਾਰਟੀ ਦੇ ਰੋਪੜ ਹਲਕੇ ਤੋਂ ਉਮੀਦਵਾਰ ਵਜੋਂ ਚੋਣ ਲੜਨ ਦੀਆਂ ਚੱਲ ਰਹੀਆਂ ਚਰਚਾਵਾਂ ਬਾਰੇ ਸਾਬਕਾ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਹਨ ਅਤੇ ਉਨ੍ਹਾਂ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਇਸ ਵਾਰ ਹਾਈਕਮਾਨ ਲੋਕਲ ਉਮੀਦਵਾਰ ਨੂੰ ਹੀ ਤਰਜੀਹ ਦੇਵੇਗੀ। ਇਸ ਲਈ ਉਹ ਵੀ ਰੋਪੜ ਹਲਕੇ ਤੋਂ ਸੇਵਾ ਕਰਨੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੀ ਹਾਈਕਮਾਨ ਤੋਂ ਰੋਪੜ ਵਿਧਾਨ ਸਭਾ ਹਲਕੇ ਲਈ ਟਿਕਟ ਦੀ ਮੰਗ ਕਰਨਗੇ ਅਤੇ ਜੇਕਰ ਉਨ੍ਹਾਂ ਨੂੰ ਟਿਕਟ ਮਿਲਦੀ ਹੈ ਤਾਂ ਉਹ ਚੋਣ ਜਿੱਤ ਕੇ ਕਾਂਗਰਸ ਹਾਈਕਮਾਨ ਦੀ ਝੋਲੀ ਪਾਉਣਗੇ।