
ਬਾਰ ਐਸੋਸੀਏਸ਼ਨ ਡੇਰਾਬੱਸੀ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 119ਵਾਂ ਜਨਮ ਦਿਹਾੜਾ ਇਨਕਲਾਬੀ ਵਿਚਾਰਾਂ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ
ਡੇਰਾਬੱਸੀ, 28 ਸਤੰਬਰ:(ਰਾਕੇਸ਼ ਗਾਂਧੀ)
ਅੱਜ ਬਾਰ ਐਸੋਸੀਏਸ਼ਨ ਡੇਰਾਬੱਸੀ ਦੇ ਮੈਂਬਰ ਸਾਹਿਬਾਨ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ 119ਵਾਂ ਜਨਮ ਦਿਹਾੜਾ ਨਿਮਰਤਾ, ਸ਼ਰਧਾ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਬਾਰ ਮੈਂਬਰਾਂ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੀ ਵਿਚਾਰਧਾਰਾ, ਉਨ੍ਹਾਂ ਦੀ ਸੋਚ ਅਤੇ ਉਨ੍ਹਾਂ ਵੱਲੋਂ ਲਿਖੀਆਂ ਕਿਤਾਬਾਂ ਅਤੇ ਇਨਕਲਾਬੀ ਵਿਚਾਰਾਂ ’ਤੇ ਆਪਸ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਬਾਰ ਮੈਂਬਰਾਂ ਨੇ ਸ਼ਹੀਦ ਭਗਤ ਸਿੰਘ ਜੀ ਦੀ ਵਿਚਾਰਧਾਰਾ ’ਤੇ ਪਹਿਰਾ ਦੇਣ ਅਤੇ ਉਨ੍ਹਾਂ ਦੇ ਦਿਖਾਏ ਇਨਕਲਾਬੀ ਮਾਰਗ ’ਤੇ ਚੱਲਣ ਦਾ ਪ੍ਰਣ ਲਿਆ।
ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਦੱਪਰ ਨੇ ਕਿਹਾ ਕਿ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡਾ ਹਰੇਕ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਅਸੀਂ ਸ਼ਹੀਦ ਭਗਤ ਸਿੰਘ ਜੀ ਦੇ ਸੁਪਨਿਆਂ ਵਾਲਾ ਸਮਾਜ ਸਿਰਜਣ ਲਈ ਯਤਨ ਕਰੀਏ, ਜਿੱਥੇ ਹਰ ਵਿਅਕਤੀ ਨੂੰ ਬਰਾਬਰੀ, ਧਰਮ ਨਿਰਪੱਖਤਾ ਅਤੇ ਇਨਸਾਫ਼ ਮਿਲੇ ਅਤੇ ਮਜ਼ਦੂਰਾਂ ਤੇ ਕਿਸਾਨਾਂ ਸਮੇਤ ਸਮਾਜ ਦੇ ਹਰ ਵਰਗ ਨੂੰ ਉਸਦਾ ਬਣਦਾ ਹੱਕ ਪ੍ਰਾਪਤ ਹੋਵੇ।
ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਦੀ ਸੋਚ ਅੱਜ ਵੀ ਨੌਜਵਾਨਾਂ ਅਤੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਸਮਝਣਾ ਤੇ ਅੱਗੇ ਵਧਾਉਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ।
ਇਸ ਮੌਕੇ ਬਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਗਤਾਰ ਸਿੰਘ ਬਾਛਲ ਅਤੇ ਵਾਈਸ ਪ੍ਰੈਜ਼ੀਡੈਂਟ ਸ਼ਿਵ ਸ਼ਰਮਾ ਨੇ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਇਸ ਸਮਾਗਮ ਵਿੱਚ ਸ਼ਾਮਲ ਹੋਏ ਸਮੂਹ ਬਾਰ ਮੈਂਬਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਵਾਈਸ ਪ੍ਰੈਜ਼ੀਡੈਂਟ (ਵੂਮੈਨ) ਗੀਤਿਕਾ ਗੋਇਲ, ਜੁਆਇੰਟ ਸਕੱਤਰ ਸੁਮਨ ਚੌਹਾਨ, ਕੈਸ਼ੀਅਰ ਵਿਪਿਨ ਸ਼ਰਮਾ ਤੋਂ ਇਲਾਵਾ ਬਾਰ ਮੈਂਬਰ ਰਾਜਬੀਰ ਸਿੰਘ ਮੁੰਦਰਾ, ਅਮਰਿੰਦਰ ਸਿੰਘ ਨਨਵਾ, ਗੁਰਜੰਟ ਸਿੰਘ ਚੌਹਾਨ, ਯਤਿਨ ਭਾਟੀਆ, ਹਰੀ ਸਿੰਘ ਸੈਣੀ, ਜਗਤਾਰ ਸਿੰਘ ਜੈਨਤਪੁਰ, ਇੰਦਰਜੀਤ ਕੰਬੋਜ, ਰਾਜੇਸ਼ ਸਾਗਰ, ਹਰਦੀਪ ਸੈਣੀ, ਮਹਿਕ ਗੁਪਤਾ, ਨੇਹਾ ਹਾਂਡਾ, ਸੁਨੀਤਾ ਕੌਸ਼ਿਕ, ਕਰਮਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਬਾਰ ਮੈਂਬਰ ਹਾਜ਼ਰ ਸਨ।