
ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਵਿਕਾਸ ਅਤੇ ਭਾਜਪਾ ਦੀ ਮਜ਼ਬੂਤੀ ਲਈ ਪੰਜ ਪ੍ਰਮੁੱਖ ਦਾਅਵੇਦਾਰ ਆਏ ਇੱਕ ਮੰਚ ’ਤੇ; ਵਰਕਰਾਂ ਵਿੱਚ ਭਾਰੀ ਉਤਸਾਹ, ਹਾਈ ਕਮਾਂਡ ਨੂੰ ਸਥਾਨਕ ਜੰਮਪਲ ਨੂੰ ਟਿਕਟ ਦੇਣ ਦੀ ਜ਼ੋਰਦਾਰ ਅਪੀਲ
ਸ੍ਰੀ ਆਨੰਦਪੁਰ ਸਾਹਿਬ 09 ਨਵੰਬਰ ( ਪੱਤਰਕਾਰ)
ਆਗਾਮੀ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਪੰਜ ਪ੍ਰਮੁੱਖ ਅਤੇ ਮਜ਼ਬੂਤ ਦਾਅਵੇਦਾਰਾਂ ਨੇ ਅੱਜ ਵਿਸ਼ਵ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾ ਦੇਵੀ ਜੀ ਦੇ ਮੰਦਿਰ ਵਿਖੇ ਪਹੁੰਚ ਕੇ ਸਾਂਝੇ ਤੌਰ ’ਤੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਨੌਜਵਾਨ ਆਗੂ ਬਲਰਾਮ ਪਰਾਸ਼ਰ, ਸਤਬੀਰ ਰਾਣਾ, ਰਾਜੇਸ਼ ਚੌਧਰੀ, ਨਿਪੁੰਨ ਸੋਨੀ ਅਤੇ ਗੋਵਰਧਨ ਸੋਨੀ ਨੇ ਇੱਕ ਸੁਰ ਵਿੱਚ ਐਲਾਨ ਕੀਤਾ ਕਿ ਉਹ ਹਲਕੇ ਦੇ ਵਿਕਾਸ, ਖੁਸ਼ਹਾਲੀ ਅਤੇ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਤਰ੍ਹਾਂ ਇੱਕਜੁੱਟ ਹਨ।
ਇਨ੍ਹਾਂ ਪੰਜੇ ਪ੍ਰਮੁੱਖ ਦਾਅਵੇਦਾਰਾਂ ਦੇ ਇੱਕਜੁੱਟ ਹੋ ਕੇ ਮੰਚ ’ਤੇ ਆਉਣ ਦੀ ਖ਼ਬਰ ਸਾਹਮਣੇ ਆਉਂਦਿਆਂ ਹੀ ਪੂਰੇ ਹਲਕੇ ਵਿੱਚ ਅਤੇ ਭਾਜਪਾ ਵਰਕਰਾਂ ਵਿੱਚ ਚਰਚਾਵਾਂ ਛਿੜ ਗਈਆਂ ਹਨ। ਵਰਕਰਾਂ ਵੱਲੋਂ ਇਸ ਸਾਂਝੇ ਉੱਦਮ ਨੂੰ ਪਾਰਟੀ ਲਈ ਇੱਕ ਬਹੁਤ ਵੱਡਾ ਅਤੇ ਸ਼ੁੱਭ ਸ਼ਗਨ ਮੰਨਿਆ ਜਾ ਰਿਹਾ ਹੈ, ਜਿਸ ਨਾਲ ਸਮੁੱਚੇ ਵਰਕਰ ਵਰਗ ਵਿੱਚ ਭਾਰੀ ਉਤਸਾਹ ਅਤੇ ਜੋਸ਼ ਦੇਖਣ ਨੂੰ ਮਿਲ ਰਿਹਾ ਹੈ।
ਇਸ ਮੌਕੇ ਆਗੂਆਂ ਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਪਾਰਟੀ ਦੀ ਟਿਕਟ ਕਿਸੇ ਅਜਿਹੇ ਉਮੀਦਵਾਰ ਨੂੰ ਦਿੱਤੀ ਜਾਵੇ ਜੋ ਪਾਰਟੀ ਵਰਕਰਾਂ ਦੀ ਪਹਿਚਾਣ ਰੱਖਦਾ ਹੋਵੇ, ਹਲਕੇ ਦੀ ਨਬਜ਼ ਤੋਂ ਚੰਗੀ ਤਰ੍ਹਾਂ ਵਾਕਫ਼ ਹੋਵੇ ਅਤੇ ਇੱਥੋਂ ਦਾ ਸਥਾਨਕ ਜੰਮਪਲ ਹੋਵੇ।
ਆਗੂਆਂ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਹਲਕੇ ਵਿੱਚ ਭਾਜਪਾ ਦੀ ਸਥਿਤੀ ਲਗਾਤਾਰ ਪਿਛੜ ਰਹੀ ਹੈ ਅਤੇ ਜੇਕਰ ਹਾਈ ਕਮਾਂਡ ਵੱਲੋਂ ਜ਼ਮੀਨੀ ਪੱਧਰ ਨਾਲ ਜੁੜੇ ਕਿਸੇ ਸਥਾਨਕ ਆਗੂ ਨੂੰ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ, ਤਾਂ ਵਰਕਰਾਂ ਦੇ ਇਸ ਹੱਲਾ-ਸ਼ੇਰੀ ਅਤੇ ਉਤਸਾਹ ਸਦਕਾ ਪਾਰਟੀ ਹਲਕੇ ਅੰਦਰ ਮੁੜ ਮਜ਼ਬੂਤ ਹੋ ਕੇ ਆਪਣਾ ਸੁਨਿਹਰੀ ਯੁੱਗ ਹਾਸਿਲ ਕਰ ਸਕੇਗੀ।
ਇਸ ਮੌਕੇ ਸਮੂਹ ਆਗੂਆਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਜੇਕਰ ਹਾਈ ਕਮਾਂਡ ਵਰਕਰਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਸਥਾਨਕ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਦੀ ਹੈ, ਤਾਂ ਸ੍ਰੀ ਆਨੰਦਪੁਰ ਸਾਹਿਬ ਹਲਕੇ ਵਿੱਚ ਭਾਜਪਾ ਇਤਿਹਾਸਕ ਜਿੱਤ ਦਰਜ ਕਰੇਗੀ।