
ਵਿਧਾਇਕ ਚੱਢਾ ਨੇ ਮਗਰੋੜ ਤੇ ਅਕਬਰਪੁਰ ’ਚ ਲੋਕ ਮਿਲਣੀ ਦੌਰਾਨ ਲੋਕਾਂ ਨਾਲ ਕੀਤੀ ਸਿੱਧੀ ਗੱਲਬਾਤ
ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ ਨਿਪਟਾਰਾ : ਵਿਧਾਇਕ ਦਿਨੇਸ਼ ਚੱਢਾ
ਰੂਪਨਗਰ, 22 ਜੂਨ ਦਲਜੀਤ ਚਨੌਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਲੋਕ ਮਿਲਣੀ ਮੁਹਿੰਮ ਤਹਿਤ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਪਿੰਡ ਮਗਰੋੜ ਅਤੇ ਅਕਬਰਪੁਰ ਵਿਖੇ ਲੋਕ ਮਿਲਣੀ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਕੇ ਪਿੰਡ ਵਾਸੀਆਂ ਨਾਲ ਸਿੱਧੀ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਲੋਕ ਮਿਲਣੀ ਦੌਰਾਨ ਵਿਧਾਇਕ ਚੱਢਾ ਨੇ ਦੋਵੇਂ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਪੰਚਾਇਤ ਨੁਮਾਇੰਦਿਆਂ ਤੋਂ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਅਤੇ ਭਵਿੱਖ ਲਈ ਲੋੜੀਂਦੇ ਕੰਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨੇ ਸੜਕਾਂ, ਗਲੀਆਂ, ਪੀਣ ਵਾਲੇ ਪਾਣੀ, ਸੀਵਰੇਜ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਮੁੱਦੇ ਵਿਧਾਇਕ ਦੇ ਧਿਆਨ ਵਿੱਚ ਲਿਆਂਦੇ। ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਿਨਾਂ ਕਿਸੇ ਦਫ਼ਤਰੀ ਖੱਜਲ-ਖੁਆਰੀ ਦੇ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਲੋਕ ਮਿਲਣੀ ਦਾ ਮੁੱਖ ਉਦੇਸ਼ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ ’ਤੇ ਸੁਣ ਕੇ ਉਨ੍ਹਾਂ ਦਾ ਜਲਦ ਹੱਲ ਯਕੀਨੀ ਬਣਾਉਣਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਪਰਵਿੰਦਰ ਬਾਲਾ, ਚੇਅਰਮੈਨ ਮਲਕੀਤ ਸਿੰਘ ਭੰਗੂ, ਬਲਾਕ ਪ੍ਰਧਾਨ ਸੋਨੀ ਸਨਾਣਾ, ਸਰਪੰਚ ਜਗਜੀਤ ਸਿੰਘ ਮਗਰੋੜ, ਪੰਚ ਗੁਰਚਰਨ ਸਿੰਘ ਚੰਨੀ, ਗੁਰਦੀਪ ਸਿੰਘ, ਰਜਿੰਦਰ ਸਿੰਘ ਰਾਜੂ ਭਲਵਾਨ, ਰਿੰਕੂ ਭਲਵਾਨ, ਬਲਬੀਰ ਸਿੰਘ ਮਗਰੋੜ, ਕਿਸਾਨ ਆਗੂ ਜਰਨੈਲ ਸਿੰਘ ਸਮੇਤ ਦੋਵੇਂ ਪਿੰਡਾਂ ਦੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।