
ਸਿਹਤ ਵਿਭਾਗ ਫਾਜ਼ਿਲਕਾ ਵੱਲੋਂ 16 ਜੂਨ ਤੋਂ 31 ਜੁਲਾਈ 2026 ਤੱਕ ਵਿਸ਼ੇਸ਼ ਦਸਤ ਰੋਕੂ ਮੁਹਿੰਮ ਚਲਾਈ ਜਾ ਰਹੀ ਹੈ: ਡਾ ਕਵਿਤਾ ਸਿੰਘ ਸਿਵਲ ਸਰਜਨ
ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਕੀਤੀ ਓ.ਆਰ.ਐਸ. ਅਤੇ ਜਿੰਕ ਕਾਰਨਰ ਦੀ ਸ਼ੁਰੂਆਤ।
ਫਾਜ਼ਿਲਕਾ,17 ਜੂਨ(ਵਰਮਾ): ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਕਵਿਤਾ ਸਿੰਘ ਸਿਵਲ ਸਰਜਨ ਫਾਜ਼ਿਲਕਾ ਦੀ ਉਚੇਚੀ ਨਿਗਰਾਨੀ ਅਤੇ ਡਾ ਰਿੰਕੂ ਚਾਵਲਾ ਜਿਲ੍ਹਾ ਟੀਕਾਕਰਣ ਅਫ਼ਸਰ ਦੀ ਦੇਖ ਰੇਖ ਵਿੱਚ ਜਿਲ੍ਹਾ ਫਾਜ਼ਿਲਕਾ ਵਿੱਚ "ਸਟੋਪ ਡਾਇਰੀਆ ਮੁਹਿੰਮ" ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਅਧੀਨ ਡਾ ਕਵਿਤਾ ਸਿੰਘ ਅਤੇ ਡਾ ਰਿੰਕੂ ਚਾਵਲਾ ਵੱਲੋਂ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਓ.ਆਰ.ਐਸ. ਅਤੇ ਜ਼ਿੰਕ ਕਾਰਨਰ ਦੀ ਸ਼ੁਰੂਆਤ ਕੀਤੀ ਗਈ। ਇਸ ਸਮੇਂ ਜਾਣਕਾਰੀ ਦਿੰਦਿਆਂ ਡਾਕਟਰ ਕਵਿਤਾ ਨੇ ਦੱਸਿਆ ਕਿ ਸਿਹਤ ਵਿਭਾਗ ਫਾਜ਼ਿਲਕਾ ਵੱਲੋਂ 16 ਜੂਨ ਤੋਂ 31 ਜੁਲਾਈ 2026 ਤੱਕ ਵਿਸ਼ੇਸ਼ ਦਸਤ ਰੋਕੂ ਮੁਹਿੰਮ ਚੱਲ ਰਹੀ ਹੈ। ਉਹਨਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਫੀਲਡ ਸਟਾਫ਼ ਵੱਲੋਂ ਘਰ ਘਰ ਸਰਵੇ ਦੌਰਾਨ ਲੋਕਾਂ ਨੂੰ ਡਾਇਰੀਏ ਤੋਂ ਬਚਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਆਸ਼ਾ ਵੱਲੋਂ ਸਰਵੇ ਦੌਰਾਨ 5 ਸਾਲ ਤੱਕ ਦੇ ਹਰੇਕ ਬੱਚੇ ਨੂੰ ਓ.ਆਰ.ਐਸ. ਦੇ ਪੈਕਟ ਵੰਡੇ ਜਾਣਗੇ ਤਾਂ ਕਿ ਬੱਚੇ ਨੂੰ ਦਸਤ ਲੱਗਣ ਤੇ ਘਰ ਵਿੱਚ ਹੀ ਓ.ਆਰ.ਐਸ. ਪਿਲਾ ਕੇ ਸਮੇਂ ਸਿਰ ਦਸਤਾਂ ਦਾ ਇਲਾਜ ਕੀਤਾ ਜਾ ਸਕੇ ਅਤੇ ਬੱਚੇ ਦੇ ਸਰੀਰ ਵਿੱਚ ਪਾਣੀ ਦੀ ਘਾਟ ਹੋਣ ਤੋਂ ਬਚਾਇਆ ਜਾ ਸਕੇ। ਲੋੜ ਅਨੁਸਾਰ ਜ਼ਿੰਕ ਦੀਆਂ ਗੋਲੀਆਂ ਵੀ ਦਿੱਤੀਆਂ ਜਾਣਗੀਆਂ।
ਇਸ ਮੌਕੇ ਡਾ ਰਿੰਕੂ ਨੇ ਦੱਸਿਆ ਕਿ ਇਸ ਮੁਹਿੰਮ ਦੋਰਾਨ ਆਸ਼ਾ ਘਰ—ਘਰ ਜਾ ਕੇ ਲੋਕਾਂ ਨੂੰ ਘਰ ਵਿੱਚ ਹੀ ਓ.ਆਰ.ਐਸ. ਬਨਾਉਣ ਦੀ ਵਿਧੀ ਬਾਰੇ, ਹੱਥ ਧੋਣ ਦੀ ਵਿਧੀ, ਸਵੱਛ ਭਾਰਤ ਅਭਿਆਨ ਅਤੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦੇਣਗੀਆਂ। ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਓ.ਆਰ.ਐਸ. ਅਤੇ ਜ਼ਿੰਕ ਕਾਰਨਰ ਵੀ ਬਨਾਏ ਗਏ ਹਨ, ਜਿਥੇ ਕਿ ਓ.ਆਰ.ਐਸ. ਘੋਲ ਬਨਾਉਣ ਦੀ ਤਕਨੀਕ ਅਤੇ ਇਸ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਮੇਂ ਡਾ ਉਪਿੰਦਰ, ਡਾ ਚੇਤਨ, ਡਾ ਰਜਨੀ, ਵਿਨੋਦ ਖੁਰਾਣਾ, ਸ਼ਵੇਤਾ, ਸ਼ਾਲੂ, ਗੁਰਪ੍ਰੀਤ ਕੌਰ ਹਾਜ਼ਰ ਸਨ ।