
ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲਾ ਆਦਤੀ ਅਪਰਾਧੀ ਗ੍ਰਿਫ਼ਤਾਰ, ਲੁੱਟੇ ਹੋਏ ਮੋਬਾਈਲ ਫੋਨ ਬਰਾਮਦ
ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਸਵਪਨ ਸ਼ਰਮਾ, IPS ਜੀ, ਜੁਆਇੰਟ ਕਮਿਸ਼ਨਰ ਪੁਲਿਸ ਸ੍ਰੀ ਰੁਪਿੰਦਰ ਸਿੰਘ, IPS ਜੀ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-3 ਲੁਧਿਆਣਾ ਸ੍ਰੀ ਦੇਵ ਸਿੰਘ, PPS ਜੀ ਅਤੇ ਸਹਾਇਕ ਕਮਿਸ਼ਨਰ ਪੁਲਿਸ ਪੱਛਮੀ ਸ੍ਰੀ ਇਕਬਾਲ ਸਿੰਘ, PPS ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁੱਖ ਅਫ਼ਸਰ ਥਾਣਾ ਲਾਡੋਵਾਲ ਐਸ.ਆਈ. ਸੁਖਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਇੰਚਾਰਜ ਸਾਂਝਾ ਥਾਣਾ ਬਿਕਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਇੱਕ ਮਹੱਤਵਪੂਰਨ ਸਫ਼ਲਤਾ ਹਾਸਲ ਹੋਈ ਹੈ।
ਮੁੱਖਬਰ ਦੀ ਸੂਚਨਾ ਦੇ ਆਧਾਰ 'ਤੇ ਪੁਲਿਸ ਪਾਰਟੀ ਵੱਲੋਂ ਜੱਜ ਸਿੰਘ ਉਰਫ਼ ਬੱਬਲੂ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਕੁਤਬੇਵਾਲ ਗੁੱਜਰਾਂ, ਥਾਣਾ ਲਾਡੋਵਾਲ, ਜ਼ਿਲ੍ਹਾ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਦੌਰਾਨ ਤਫ਼ਤੀਸ਼ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਨੇ ਆਪਣੇ ਸਾਥੀ ਗੁਰਵਿੰਦਰ ਸਿੰਘ ਉਰਫ਼ ਰੂਬੀ ਨਾਲ ਮਿਲ ਕੇ ਮਿਤੀ 28-05-2026 ਨੂੰ ਇੱਕ ਛੋਟੇ ਹਾਥੀ ਦੇ ਡਰਾਈਵਰ ਲਲਨ ਕੁਮਾਰ ਪੁੱਤਰ ਉਮੇਸ਼ ਚੌਧਰੀ ਵਾਸੀ ਜ਼ਿਲ੍ਹਾ ਸੁਪੋਲ, ਬਿਹਾਰ ਅਤੇ ਉਸਦੇ ਸਾਥੀ ਨਾਲ ਮਾਰਕੁੱਟ ਕਰਕੇ ਉਨ੍ਹਾਂ ਪਾਸੋਂ ਕਰੀਬ 2000 ਰੁਪਏ ਨਕਦ ਅਤੇ ਦੋ ਮੋਬਾਈਲ ਫੋਨ ਲੁੱਟ ਲਏ ਸਨ। ਇਸ ਸਬੰਧੀ ਮੁਕੱਦਮਾ ਨੰਬਰ 103 ਮਿਤੀ 01-06-2026 ਅਧੀਨ ਧਾਰਾ 309(4), 3(5) BNS ਥਾਣਾ ਲਾਡੋਵਾਲ ਵਿਖੇ ਦਰਜ ਕੀਤਾ ਗਿਆ ਸੀ।
ਤਫ਼ਤੀਸ਼ ਦੌਰਾਨ ਮਿਤੀ 02-06-2026 ਨੂੰ ਜੱਜ ਸਿੰਘ ਉਰਫ਼ ਬੱਬਲੂ ਅਤੇ ਗੁਰਵਿੰਦਰ ਸਿੰਘ ਉਰਫ਼ ਰੂਬੀ ਨੂੰ ਨਾਮਜ਼ਦ ਕੀਤਾ ਗਿਆ। ਪੁਲਿਸ ਵੱਲੋਂ ਜੱਜ ਸਿੰਘ ਉਰਫ਼ ਬੱਬਲੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਦੂਜੇ ਦੋਸ਼ੀ ਗੁਰਵਿੰਦਰ ਸਿੰਘ ਉਰਫ਼ ਰੂਬੀ ਦੀ ਭਾਲ ਜਾਰੀ ਹੈ।
ਬਰਾਮਦਗੀ: 02 ਮੋਬਾਈਲ ਫੋਨ (ਓਪੋ ਕੰਪਨੀ) ਮੁੱਢਲੀ ਜਾਂਚ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਦੋਸ਼ੀ ਖ਼ਿਲਾਫ਼ ਪਹਿਲਾਂ ਵੀ ਚੋਰੀ, ਲੁੱਟ-ਖੋਹ ਅਤੇ ਹੋਰ ਸੰਗੀਨ ਅਪਰਾਧਾਂ ਸਬੰਧੀ ਕਈ ਮੁਕੱਦਮੇ ਦਰਜ ਹਨ।