ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਸਤਿੰਦਰਜੀਤ ਬਜਾਜ ਦਾ ਤਬਾਦਲਾ, ਡਾ. ਭਾਰਤੀ ਧਵਨ ਨੂੰ ਮਿਲੀ ਜ਼ਿੰਮੇਵਾਰੀ
ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਸਤਿੰਦਰਜੀਤ ਬਜਾਜ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਪਰਿਵਾਰ ਅਤੇ ਸਿਹਤ ਭਲਾਈ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਦੇ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਡਾ. ਸਤਿੰਦਰਜੀਤ ਬਜਾਜ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਮੈਡੀਕਲ ਛੁੱਟੀ ’ਤੇ ਚੱਲ ਰਹੇ ਸਨ। ਇਸ ਦੌਰਾਨ ਡਾ. ਰਸ਼ਮੀ ਵਿਜ਼ ਵੱਲੋਂ ਕਾਰਜਕਾਰੀ ਸਿਵਲ ਸਰਜਨ ਵਜੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਸਨ।
ਹੁਣ ਡਾ. ਭਾਰਤੀ ਧਵਨ ਨੂੰ ਅੰਮ੍ਰਿਤਸਰ ਦੇ ਸਿਵਲ ਸਰਜਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਡਾ. ਭਾਰਤੀ ਧਵਨ ਪਹਿਲਾਂ ਵੀ ਅੰਮ੍ਰਿਤਸਰ ਵਿੱਚ ਕਾਰਜਕਾਰੀ ਸਿਵਲ ਸਰਜਨ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਉਹ ਅੰਮ੍ਰਿਤਸਰ ਵਿੱਚ ਵੱਖ-ਵੱਖ ਅਹੁਦਿਆਂ ’ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਇਨ੍ਹਾਂ ਵਿੱਚ ਸਿਵਲ ਹਸਪਤਾਲ ਅੰਮ੍ਰਿਤਸਰ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਵਜੋਂ ਨਿਭਾਈਆਂ ਸੇਵਾਵਾਂ ਵੀ ਸ਼ਾਮਲ ਹਨ। ਉਹ ਤਰਨ ਤਾਰਨ ਅਤੇ ਅੰਮ੍ਰਿਤਸਰ ਨਾਲ ਸਬੰਧਤ ਸਿਹਤ ਵਿਭਾਗ ਦੀਆਂ ਜ਼ਿੰਮੇਵਾਰੀਆਂ ਵੀ ਨਿਭਾ ਚੁੱਕੇ ਹਨ।
ਦਿਲਚਸਪ ਗੱਲ ਇਹ ਵੀ ਹੈ ਕਿ ਡਾ. ਭਾਰਤੀ ਧਵਨ ਦੇ ਪਤੀ ਡਾ. ਸਵਰਨਜੀਤ ਧਵਨ ਵੀ ਅੰਮ੍ਰਿਤਸਰ ਦੇ ਸਿਵਲ ਸਰਜਨ ਰਹਿ ਚੁੱਕੇ ਹਨ ਅਤੇ ਇਸੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ।
ਹੁਣ ਡਾ. ਭਾਰਤੀ ਧਵਨ ਦੇ ਸਾਹਮਣੇ ਅੰਮ੍ਰਿਤਸਰ ਦੇ ਸਿਹਤ ਵਿਭਾਗ ਨਾਲ ਜੁੜੀਆਂ ਕਈ ਅਹਿਮ ਚੁਣੌਤੀਆਂ ਹੋਣਗੀਆਂ। ਖਾਸ ਤੌਰ ’ਤੇ ਪ੍ਰਾਈਵੇਟ ਹਸਪਤਾਲਾਂ ਖ਼ਿਲਾਫ਼ ਲੰਬਿਤ ਪਈਆਂ ਸ਼ਿਕਾਇਤਾਂ ’ਤੇ ਕਾਰਵਾਈ ਨੂੰ ਲੈ ਕੇ ਲੋਕਾਂ ਦੀਆਂ ਨਜ਼ਰਾਂ ਨਵੇਂ ਸਿਵਲ ਸਰਜਨ ’ਤੇ ਰਹਿਣਗੀਆਂ।
ਵੇਖਣਾ ਹੋਵੇਗਾ ਕਿ ਲੰਬੇ ਸਮੇਂ ਤੋਂ ਪੈਂਡਿੰਗ ਪਈਆਂ ਇਨ੍ਹਾਂ ਸ਼ਿਕਾਇਤਾਂ ਦਾ ਕਿੰਨੀ ਜਲਦੀ ਨਿਪਟਾਰਾ ਹੁੰਦਾ ਹੈ ਅਤੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਥਿਤ ਤੌਰ ’ਤੇ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਸਿਹਤ ਵਿਭਾਗ ਵੱਲੋਂ ਕੀ ਕਦਮ ਚੁੱਕੇ ਜਾਂਦੇ ਹਨ।