
*ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ*
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ
*ਅੰਗ-847, 18 ਸਤੰਬਰ 2026*
*ਬਿਲਾਵਲੁ ਮਹਲਾ ੫ ਛੰਤ ॥*
*ੴ ਸਤਿਗੁਰ ਪ੍ਰਸਾਦਿ ॥*
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
*ਸਖੀ ਆਉ ਸਖੀ ਵਸਿ ਆਉ ਸਖੀ ਅਸੀ ਪਿਰ ਕਾ ਮੰਗਲੁ ਗਾਵਹ ॥*
ਹੇ ਸਹੇਲੀਏ! ਆਓ (ਰਲ ਕੇ ਬੈਠੀਏ) ਹੇ ਸਹੇਲੀਏ! ਆਓ ਪ੍ਰਭੂ ਦੀ ਰਜ਼ਾ ਵਿਚ ਤੁਰੀਏ, ਅਤੇ ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵੀਏ।
*ਤਜਿ ਮਾਨੁ ਸਖੀ ਤਜਿ ਮਾਨੁ ਸਖੀ ਮਤੁ ਆਪਣੇ ਪ੍ਰੀਤਮ ਭਾਵਹ ॥*
ਹੇ ਸਹੇਲੀਏ! (ਆਪਣੇ ਅੰਦਰੋਂ) ਅਹੰਕਾਰ ਦੂਰ ਕਰ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ, ਸ਼ਾਇਦ (ਇਸ ਤਰ੍ਹਾਂ) ਅਸੀਂ ਆਪਣੇ ਪ੍ਰੀਤਮ ਪ੍ਰਭੂ-ਪਤੀ ਨੂੰ ਚੰਗੀਆਂ ਲੱਗ ਸਕੀਏ।
*ਤਜਿ ਮਾਨੁ ਮੋਹੁ ਬਿਕਾਰੁ ਦੂਜਾ ਸੇਵਿ ਏਕੁ ਨਿਰੰਜਨੋ ॥*
ਹੇ ਸਹੇਲੀਏ! (ਆਪਣੇ ਅੰਦਰੋਂ) ਅਹੰਕਾਰ ਦੂਰ ਕਰ, ਮੋਹ ਦੂਰ ਕਰ, ਮਾਇਆ ਦੇ ਪਿਆਰ ਵਾਲਾ ਵਿਕਾਰ ਦੂਰ ਕਰ, ਸਿਰਫ਼ ਨਿਰਲੇਪ ਪ੍ਰਭੂ ਦੀ ਸਰਨ ਪਈ ਰਹੁ।
*ਲਗੁ ਚਰਣ ਸਰਣ ਦਇਆਲ ਪ੍ਰੀਤਮ ਸਗਲ ਦੁਰਤ ਬਿਖੰਡਨੋ ॥*
ਸਾਰੇ ਪਾਪਾਂ ਦੇ ਨਾਸ ਕਰਨ ਵਾਲੇ ਦਇਆ ਦੇ ਸੋਮੇ ਪ੍ਰੀਤਮ ਪ੍ਰਭੂ ਦੇ ਚਰਨਾਂ ਦੀ ਓਟ ਪਕੜੀ ਰੱਖ।
*ਹੋਇ ਦਾਸ ਦਾਸੀ ਤਜਿ ਉਦਾਸੀ ਬਹੁੜਿ ਬਿਧੀ ਨ ਧਾਵਾ ॥*
ਹੇ ਸਹੇਲੀਏ! (ਮੇਰੇ ਉੱਤੇ ਭੀ) ਮਿਹਰ ਕਰ, ਮੈਂ (ਪ੍ਰਭੂ ਦੇ) ਦਾਸਾਂ ਦੀ ਦਾਸੀ ਬਣ ਕੇ (ਸਿਫ਼ਤਿ-ਸਾਲਾਹ ਵਲੋਂ) ਉਪਰਾਮਤਾ ਛੱਡ ਕੇ ਮੁੜ ਹੋਰ ਹੋਰ ਪਾਸੇ ਨਾਹ ਭਟਕਦਾ ਫਿਰਾਂ।
*ਨਾਨਕੁ ਪਇਅੰਪੈ ਕਰਹੁ ਕਿਰਪਾ ਤਾਮਿ ਮੰਗਲੁ ਗਾਵਾ ॥੧॥*
ਨਾਨਕ ਬੇਨਤੀ ਕਰਦਾ ਹੈ- (ਤੂੰ ਮਿਹਰ ਕਰੇਂ), ਤਦੋਂ ਹੀ ਮੈਂ (ਭੀ) ਸਿਫ਼ਤਿ-ਸਾਲਾਹ ਦਾ ਗੀਤ ਗਾ ਸਕਾਂਗਾ ॥੧॥
*ਅੰਮ੍ਰਿਤੁ ਪ੍ਰਿਅ ਕਾ ਨਾਮੁ ਮੈ ਅੰਧੁਲੇ ਟੋਹਨੀ ॥*
ਹੇ ਭਾਈ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਮੇਰੇ ਜੀਵਨ ਵਾਸਤੇ ਸਹਾਰਾ ਹੈ ਜਿਵੇਂ ਅੰਨ੍ਹੇ ਨੂੰ ਡੰਗੋਰੀ ਦਾ ਸਹਾਰਾ ਹੁੰਦਾ ਹੈ,
*ਓਹ ਜੋਹੈ ਬਹੁ ਪਰਕਾਰ ਸੁੰਦਰਿ ਮੋਹਨੀ ॥*
(ਕਿਉਂਕਿ) ਉਹ ਮਨ ਨੂੰ ਫਸਾਣ ਵਾਲੀ ਸੁੰਦਰੀ ਮਾਇਆ ਕਈ ਤਰੀਕਿਆਂ ਨਾਲ (ਜੀਵਾਂ ਨੂੰ) ਤਾੜਦੀ ਰਹਿੰਦੀ ਹੈ (ਤੇ ਆਪਣੇ ਮੋਹ ਵਿਚ ਅੰਨ੍ਹਾ ਕਰ ਲੈਂਦੀ ਹੈ)।
*ਮੋਹਨੀ ਮਹਾ ਬਚਿਤ੍ਰਿ ਚੰਚਲਿ ਅਨਿਕ ਭਾਵ ਦਿਖਾਵਏ ॥*
ਹੇ ਭਾਈ! ਕਈ ਰੰਗਾਂ ਵਾਲੀ ਅਤੇ ਮਨ ਨੂੰ ਮੋਹਣ ਵਾਲੀ ਚੰਚਲ ਮਾਇਆ (ਜੀਵਾਂ ਨੂੰ) ਅਨੇਕਾਂ ਨਖ਼ਰੇ ਵਿਖਾਂਦੀ ਰਹਿੰਦੀ ਹੈ।
*ਹੋਇ ਢੀਠ ਮੀਠੀ ਮਨਹਿ ਲਾਗੈ ਨਾਮੁ ਲੈਣ ਨ ਆਵਏ* ॥
ਢੀਠ ਬਣ ਕੇ (ਭਾਵ, ਮੁੜ ਮੁੜ ਆਪਣੇ ਹਾਵ-ਭਾਵ ਵਿਖਾ ਕੇ, ਆਖ਼ਰ ਜੀਵਾਂ ਦੇ) ਮਨ ਵਿਚ ਪਿਆਰੀ ਲੱਗਣ ਲੱਗ ਪੈਂਦੀ ਹੈ, (ਇਸ ਮੋਹਣੀ ਮਾਇਆ ਦੇ ਅਸਰ ਹੇਠ ਪਰਮਾਤਮਾ ਦਾ) ਨਾਮ ਜਪਿਆ ਨਹੀਂ ਜਾ ਸਕਦਾ।
*ਗ੍ਰਿਹ ਬਨਹਿ ਤੀਰੈ ਬਰਤ ਪੂਜਾ ਬਾਟ ਘਾਟੈ ਜੋਹਨੀ ॥*
ਹੇ ਭਾਈ! ਗ੍ਰਿਹਸਤ ਵਿਚ (ਗ੍ਰਿਹਸਤੀਆਂ ਨੂੰ) ਜੰਗਲਾਂ ਵਿਚ (ਤਿਆਗੀਆਂ ਨੂੰ), ਤੀਰਥਾਂ ਦੇ ਕੰਢੇ (ਤੀਰਥ-ਇਸ਼ਨਾਨੀਆਂ ਨੂੰ), ਵਰਤ (ਰੱਖਣ ਵਾਲਿਆਂ ਨੂੰ) ਦੇਵ-ਪੂਜਾ (ਕਰਨ ਵਾਲਿਆਂ ਨੂੰ), ਰਾਹਾਂ ਵਿਚ, ਪੱਤਣਾਂ ਤੇ (ਹਰ ਥਾਂ ਇਹ ਮਾਇਆ ਆਪਣੀ) ਤਾੜ ਵਿਚ ਰੱਖਦੀ ਹੈ।
*ਨਾਨਕੁ ਪਇਅੰਪੈ ਦਇਆ ਧਾਰਹੁ ਮੈ ਨਾਮੁ ਅੰਧੁਲੇ ਟੋਹਨੀ ॥੨॥*
ਨਾਨਕ ਬੇਨਤੀ ਕਰਦਾ ਹੈ-(ਹੇ ਪ੍ਰਭੂ! ਮੇਰੇ ਉੱਤੇ) ਮਿਹਰ ਕਰ (ਇਸ ਮਾਇਆ ਦੀ ਤੱਕ ਤੋਂ ਬਚਣ ਲਈ) ਮੈਨੂੰ ਆਪਣਾ ਨਾਮ (ਦਾ ਸਹਾਰਾ ਦੇਈ ਰੱਖ, ਜਿਵੇਂ) ਅੰਨ੍ਹੇ ਨੂੰ ਡੰਗੋਰੀ ਦਾ ਸਹਾਰਾ ਹੁੰਦਾ ਹੈ ॥੨॥
*ਮੋਹਿ ਅਨਾਥ ਪ੍ਰਿਅ ਨਾਥ ਜਿਉ ਜਾਨਹੁ ਤਿਉ ਰਖਹੁ ॥*
ਹੇ ਪਿਆਰੇ ਖਸਮ-ਪ੍ਰਭੂ! ਜਿਵੇਂ ਹੋ ਸਕੇ, (ਇਸ ਮੋਹਣੀ ਮਾਇਆ ਦੇ ਪੰਜੇ ਤੋਂ) ਮੈਨੂੰ ਨਿਮਾਣੇ ਨੂੰ (ਬਚਾ ਕੇ) ਰੱਖ।
*ਚਤੁਰਾਈ ਮੋਹਿ ਨਾਹਿ ਰੀਝਾਵਉ ਕਹਿ ਮੁਖਹੁ ॥*
ਮੇਰੇ ਅੰਦਰ ਕੋਈ ਸਿਆਣਪ ਨਹੀਂ ਕਿ ਮੈਂ (ਕੁਝ) ਮੂੰਹੋਂ ਆਖ ਕੇ ਤੈਨੂੰ ਪ੍ਰਸੰਨ ਕਰ ਸਕਾਂ।
*ਨਹ ਚਤੁਰਿ ਸੁਘਰਿ ਸੁਜਾਨ ਬੇਤੀ ਮੋਹਿ ਨਿਰਗੁਨਿ ਗੁਨੁ ਨਹੀ ॥*
ਹੇ ਪਿਆਰੇ ਨਾਥ! ਮੈਂ ਚਤੁਰ ਨਹੀਂ, ਮੈਂ ਚੰਗੀ ਮਾਨਸਕ ਘਾੜਤ ਵਾਲੀ ਨਹੀਂ, ਮੈਂ ਸਿਆਣੀ ਨਹੀਂ, ਮੈਂ ਚੰਗੀ ਸੂਝ ਵਾਲੀ ਨਹੀਂ, ਮੈਂ ਗੁਣ-ਹੀਨ ਵਿਚ (ਕੋਈ ਭੀ) ਗੁਣ ਨਹੀਂ।
*ਨਹ ਰੂਪ ਧੂਪ ਨ ਨੈਣ ਬੰਕੇ ਜਹ ਭਾਵੈ ਤਹ ਰਖੁ ਤੁਹੀ ॥*
ਨਾਹ ਮੇਰਾ ਸੋਹਣਾ ਰੂਪ ਹੈ, ਨਾਹ (ਮੇਰੇ ਅੰਦਰ ਚੰਗੇ ਗੁਣਾਂ ਵਾਲੀ) ਸੁਗੰਧੀ ਹੈ ਨਾਹ ਮੇਰੇ ਬਾਂਕੇ ਨੈਣ ਹਨ-ਜਿੱਥੇ ਤੇਰੀ ਰਜ਼ਾ ਹੈ ਉਥੇ ਹੀ ਮੈਨੂੰ (ਇਸ ਮੋਹਣੀ ਮਾਇਆ ਤੋਂ) ਬਚਾ ਲੈ।
*ਜੈ ਜੈ ਜਇਅੰਪਹਿ ਸਗਲ ਜਾ ਕਉ ਕਰੁਣਾਪਤਿ ਗਤਿ ਕਿਨਿ ਲਖਹੁ ॥*
ਹੇ ਤਰਸ ਦੇ ਮਾਲਕ ਪ੍ਰਭੂ! (ਤੂੰ ਐਸਾ ਹੈਂ) ਜਿਸ ਦੀ ਸਾਰੇ ਜੀਵ ਜੈ ਜੈਕਾਰ ਉਚਾਰਦੇ ਹਨ। ਤੂੰ ਕਿਹੋ ਜਿਹਾ ਹੈਂ-ਕਿਸੇ ਨੇ ਭੀ ਇਹ ਭੇਤ ਨਹੀਂ ਸਮਝਿਆ।
*ਨਾਨਕੁ ਪਇਅੰਪੈ ਸੇਵ ਸੇਵਕੁ ਜਿਉ ਜਾਨਹੁ ਤਿਉ ਮੋਹਿ ਰਖਹੁ ॥੩॥*
ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! (ਮੈਂ ਤੇਰਾ) ਸੇਵਕ ਹਾਂ (ਮੈਨੂੰ ਆਪਣੀ) ਸੇਵਾ-ਭਗਤੀ (ਬਖ਼ਸ਼) ਜਿਵੇਂ ਹੋ ਸਕੇ, ਤਿਵੇਂ ਮੈਨੂੰ (ਇਸ ਮੋਹਣੀ ਮਾਇਆ ਤੋਂ) ਬਚਾਈ ਰੱਖ ॥੩॥
*ਮੋਹਿ ਮਛੁਲੀ ਤੁਮ ਨੀਰ ਤੁਝ ਬਿਨੁ ਕਿਉ ਸਰੈ ॥*
ਹੇ ਪ੍ਰਭੂ! ਮੈਂ ਮੱਛੀ (ਵਾਸਤੇ) ਤੂੰ (ਤੇਰਾ ਨਾਮ) ਪਾਣੀ ਹੈ, ਤੈਥੋਂ ਬਿਨਾ (ਤੇਰੀ ਯਾਦ ਤੋਂ ਬਿਨਾ) ਮੇਰਾ ਜੀਊਣ ਨਹੀਂ ਹੋ ਸਕਦਾ।
*ਮੋਹਿ ਚਾਤ੍ਰਿਕ ਤੁਮੑ ਬੂੰਦ ਤ੍ਰਿਪਤਉ ਮੁਖਿ ਪਰੈ ॥*
ਹੇ ਪ੍ਰਭੂ! ਮੈਂ ਪਪੀਹੇ (ਵਾਸਤੇ) ਤੂੰ (ਤੇਰਾ ਨਾਮ) ਵਰਖਾ ਦੀ ਬੂੰਦ ਹੈ, ਮੈਨੂੰ (ਤਦੋਂ) ਸ਼ਾਂਤੀ ਆਉਂਦੀ ਹੈ (ਜਦੋਂ ਨਾਮ-ਬੂੰਦ ਮੇਰੇ) ਮੂੰਹ ਵਿਚ ਪੈਂਦੀ ਹੈ।
*ਮੁਖਿ ਪਰੈ ਹਰੈ ਪਿਆਸ ਮੇਰੀ ਜੀਅ ਹੀਆ ਪ੍ਰਾਨਪਤੇ ॥*
(ਜਿਵੇਂ ਵਰਖਾ ਦੀ ਬੂੰਦ ਪਪੀਹੇ ਦੇ ਮੂੰਹ ਵਿਚ ਪੈਂਦੀ ਹੈ ਤਾਂ ਉਹ ਬੂੰਦ ਉਸ ਦੀ ਪਿਆਸ ਦੂਰ ਕਰ ਦੇਂਦੀ ਹੈ, ਤਿਵੇਂ ਜਦੋਂ ਤੇਰਾ ਨਾਮ-ਬੂੰਦ ਮੇਰੇ) ਮੂੰਹ ਵਿਚ ਪੈਂਦੀ ਹੈ ਤਾਂ ਉਹ (ਮੇਰੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਦੂਰ ਕਰ ਦੇਂਦੀ ਹੈ।
*ਲਾਡਿਲੇ ਲਾਡ ਲਡਾਇ ਸਭ ਮਹਿ ਮਿਲੁ ਹਮਾਰੀ ਹੋਇ ਗਤੇ* ॥
ਹੇ ਮੇਰੀ ਜਿੰਦ ਦੇ ਮਾਲਕ! ਹੇ ਮੇਰੇ ਹਿਰਦੇ ਦੇ ਸਾਈਂ! ਹੇ ਮੇਰੇ ਪ੍ਰਾਣਾਂ ਦੇ ਨਾਥ! ਹੇ ਪਿਆਰੇ! ਪਿਆਰ-ਭਰੇ ਕੌਤਕ ਕਰ ਕੇ ਤੂੰ ਸਾਰੀ ਸ੍ਰਿਸ਼ਟੀ ਵਿਚ (ਵੱਸ ਰਿਹਾ ਹੈਂ। ਹੇ ਪਿਆਰੇ! ਮੈਨੂੰ) ਮਿਲ, (ਤਾਕਿ) ਮੇਰੀ ਉੱਚੀ ਆਤਮਕ ਅਵਸਥਾ ਬਣ ਸਕੇ।
*ਚੀਤਿ ਚਿਤਵਉ ਮਿਟੁ ਅੰਧਾਰੇ ਜਿਉ ਆਸ ਚਕਵੀ ਦਿਨੁ ਚਰੈ* ॥
ਹੇ ਪ੍ਰਭੂ! ਜਿਵੇਂ ਚਕਵੀ ਆਸ ਬਣਾਈ ਰੱਖਦੀ ਹੈ ਕਿ ਦਿਨ ਚੜ੍ਹ ਰਿਹਾ ਹੈ, ਤਿਵੇਂ ਮੈਂ ਭੀ (ਤੇਰਾ ਮਿਲਾਪ ਹੀ) ਚਿਤਾਰਦੀ ਰਹਿੰਦੀ ਹਾਂ (ਤੇ, ਆਖਦੀ ਰਹਿੰਦੀ ਹਾਂ-) ਹੇ ਹਨੇਰੇ! (ਮਾਇਆ ਦੇ ਮੋਹ ਦੇ ਹਨੇਰੇ! ਮੇਰੇ ਅੰਦਰੋਂ) ਦੂਰ ਹੋ ਜਾ।
*ਨਾਨਕੁ ਪਇਅੰਪੈ ਪ੍ਰਿਅ ਸੰਗਿ ਮੇਲੀ ਮਛੁਲੀ ਨੀਰੁ ਨ ਵੀਸਰੈ* ॥੪॥
ਨਾਨਕ ਬੇਨਤੀ ਕਰਦਾ ਹੈ-ਹੇ ਪਿਆਰੇ (ਮੈਨੂੰ ਆਪਣੇ) ਨਾਲ ਮਿਲਾ ਲੈ, (ਮੈਂ) ਮੱਛੀ ਨੂੰ (ਤੇਰਾ ਨਾਮ-) ਪਾਣੀ ਭੁੱਲ ਨਹੀਂ ਸਕਦਾ ॥੪॥
*ਧਨਿ ਧੰਨਿ ਹਮਾਰੇ ਭਾਗ ਘਰਿ ਆਇਆ ਪਿਰੁ ਮੇਰਾ ॥*
ਹੇ ਸਹੇਲੀਏ! (ਮੇਰੇ ਹਿਰਦੇ-) ਘਰ ਵਿਚ ਮੇਰਾ (ਪ੍ਰਭੂ) ਪਤੀ ਆ ਵੱਸਿਆ ਹੈ, ਮੇਰੇ ਭਾਗ ਜਾਗ ਪਏ ਹਨ।
*ਸੋਹੇ ਬੰਕ ਦੁਆਰ ਸਗਲਾ ਬਨੁ ਹਰਾ ॥*
(ਮੇਰੇ ਇਸ ਸਰੀਰ-ਘਰ ਦੇ) ਦਰਵਾਜ਼ੇ (ਸਾਰੇ ਗਿਆਨ-ਇੰਦ੍ਰੇ) ਸੋਹਣੇ ਬਣ ਗਏ ਹਨ (ਭਾਵ, ਹੁਣ ਇਹ ਗਿਆਨ-ਇੰਦ੍ਰੇ ਵਿਕਾਰਾਂ ਵਲ ਖਿੱਚ ਨਹੀਂ ਪਾਂਦੇ, ਮੇਰਾ) ਸਾਰਾ ਹਿਰਦੇ-ਜੂਹ ਆਤਮਕ ਜੀਵਨ ਵਾਲਾ ਹੋ ਗਿਆ ਹੈ।
*ਹਰ ਹਰਾ ਸੁਆਮੀ ਸੁਖਹ ਗਾਮੀ ਅਨਦ ਮੰਗਲ ਰਸੁ ਘਣਾ ॥*
ਹੇ ਸਹੇਲੀਏ! ਆਤਮਕ ਜੀਵਨ ਨਾਲ ਭਰਪੂਰ ਅਤੇ ਸੁਖਾਂ ਦੀ ਦਾਤ ਦੇਣ ਵਾਲਾ ਮਾਲਕ-ਪ੍ਰਭੂ (ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈ, ਜਿਸ ਦਾ ਸਦਕਾ ਮੇਰੇ ਅੰਦਰ) ਆਨੰਦ ਬਣ ਗਏ ਹਨ, ਖ਼ੁਸ਼ੀਆਂ ਹੋ ਗਈਆਂ ਹਨ, ਬਹੁਤ ਸੁਆਦ ਬਣ ਗਿਆ ਹੈ।
*ਨਵਲ ਨਵਤਨ ਨਾਹੁ ਬਾਲਾ ਕਵਨ ਰਸਨਾ ਗੁਨ ਭਣਾ ॥*
ਹੇ ਸਹੇਲੀਏ! ਮੇਰਾ ਖਸਮ-ਪ੍ਰਭੂ ਹਰ ਵੇਲੇ ਨਵਾਂ ਹੈ ਜੁਆਨ ਹੈ (ਭਾਵ, ਉਸ ਦਾ ਪਿਆਰ ਕਦੇ ਕਮਜ਼ੋਰ ਨਹੀਂ ਪੈਂਦਾ)। ਮੈਂ (ਆਪਣੀ) ਜੀਭ ਨਾਲ (ਉਸ ਦੇ) ਕਿਹੜੇ ਕਿਹੜੇ ਗੁਣ ਦੱਸਾਂ?
*ਮੇਰੀ ਸੇਜ ਸੋਹੀ ਦੇਖਿ ਮੋਹੀ ਸਗਲ ਸਹਸਾ ਦੁਖੁ ਹਰਾ ॥*
(ਹੇ ਸਹੇਲੀਏ! ਖਸਮ-ਪ੍ਰਭੂ ਦੇ ਮੇਰੇ ਹਿਰਦੇ ਵਿਚ ਆ ਵੱਸਣ ਨਾਲ) ਮੇਰੀ ਹਿਰਦਾ-ਸੇਜ ਸਜ ਗਈ ਹੈ, (ਉਸ ਪ੍ਰਭੂ-ਪਤੀ ਦਾ) ਦਰਸਨ ਕਰ ਕੇ ਮੈਂ ਮਸਤ ਹੋ ਰਹੀ ਹਾਂ (ਉਸ ਨੇ ਮੇਰੇ ਅੰਦਰੋਂ) ਹਰੇਕ ਸਹਿਮ ਤੇ ਦੁੱਖ ਦੂਰ ਕਰ ਦਿੱਤਾ ਹੈ।
*ਨਾਨਕੁ ਪਇਅੰਪੈ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ॥੫॥੧॥੩॥*
ਨਾਨਕ ਬੇਨਤੀ ਕਰਦਾ ਹੈ-ਮੈਨੂੰ ਬੇਅੰਤ ਮਾਲਕ-ਪ੍ਰਭੂ ਮਿਲ ਪਿਆ ਹੈ, ਮੇਰੀ ਹਰੇਕ ਆਸ ਪੂਰੀ ਹੋ ਗਈ ਹੈ ॥੫॥੧॥੩॥
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ 🙏
Durg, Durg | Sep 18, 2026