ਡੇਰਾ ਬੱਸੀ (17 ਸਤੰਬਰ): ਸੁੱਖਮਨੀ ਗਰੁੱਪ ਤੋਂ ਕੱਢੇ ਗਏ ਵਰਕਰਾਂ ਦੇ ਹੱਕ ਵਿੱਚ ਲਗਾਇਆ ਗਿਆ ਪੱਕਾ ਮੋਰਚਾ ਅੱਜ ਚੌਥਾ ਦਿਨ ਵੀ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਜਾਰੀ ਰਿਹਾ। ਇਸ ਧਰਨੇ ਨੂੰ ਲਗਾਤਾਰ ਵੱਖ-ਵੱਖ ਜਥੇਬੰਦੀਆਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ।
ਧਰਨੇ ਵਾਲੀ ਥਾਂ 'ਤੇ ਸੰਗਤਾਂ ਵੱਲੋਂ ਨਿਰੰਤਰ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ, ਜਿੱਥੇ ਪਹੁੰਚ ਰਹੇ ਹਰ ਮਾਈ-ਭਾਈ ਲਈ ਪ੍ਰਸ਼ਾਦਾ-ਪਾਣੀ ਦਾ ਖਾਸ ਇੰਤਜ਼ਾਮ ਹੈ। ਜਥੇਬੰਦੀਆਂ ਦੀ ਮੁੱਖ ਮੰਗ ਹੈ ਕਿ ਕੱਢੇ ਗਏ ਕਰਮਚਾਰੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਬਹਾਲ ਕੀਤਾ ਜਾਵੇ। ਇਸ ਦੇ ਨਾਲ ਹੀ ਪ੍ਰਬੰਧਕਾਂ ਵੱਲੋਂ ਬਾਹਰਲੇ ਕੀਰਤਨੀਆਂ ਨੂੰ ਲਿਆਉਣ ਦੇ ਮੁੱਦੇ 'ਤੇ ਵੀ ਸਖ਼ਤ ਇਤਰਾਜ਼ ਪ੍ਰਗਟ ਕੀਤਾ ਗਿਆ ਹੈ। ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸ਼ੁੱਕਰਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਪ੍ਰਬੰਧਕਾਂ ਵੱਲੋਂ ਕਰਮਚਾਰੀਆਂ ਦੀ ਬਹਾਲੀ ਅਤੇ ਕੀਰਤਨੀਆਂ ਦੇ ਮਸਲੇ 'ਤੇ ਕੋਈ ਠੋਸ ਫ਼ੈਸਲਾ ਨਾ ਲਿਆ ਗਿਆ, ਤਾਂ ਸਮੂਹ ਜਥੇਬੰਦੀਆਂ ਵੱਲੋਂ ਰਲ ਕੇ ਇੱਕ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਅੱਜ ਦੇ ਧਰਨੇ ਵਿੱਚ ਮਨਪ੍ਰੀਤ ਸਿੰਘ ਅਮਲਾਲਾ, ਰਣਜੀਤ ਸਿੰਘ ਰਾਣਾ ਭਗਵਾਨਪੁਰ, ਜਗਤਾਰ ਸਿੰਘ ਝਰਮੜੀ, ਵਿਨੋਦ ਕੁਮਾਰ ਚੁੱਘ (ਸੂਬਾ ਮੀਤ ਪ੍ਰਧਾਨ ਏਟਕ), ਬਲਜੀਤ ਸਿੰਘ, ਮਨਦੀਪ ਸਿੰਘ ਅਤੇ ਗੁਰਬਿੰਦਰ ਸਿੰਘ ਸਮੇਤ ਕਈ ਆਗੂ ਹਾਜ਼ਰ ਸਨ।