
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ 19 ਮੈਂਬਰੀ ਕਾਲਜ ਕਮੇਟੀ ਦੀ ਚੋਣ
ਦਿਲਕਰਨ ਰਤਨਪੁਰਾ ਕਮੇਟੀ ਦੇ ਪ੍ਰਧਾਨ ਅਤੇ ਪ੍ਰਵੀਨ ਝੋਕ ਕਮੇਟੀ ਦੇ ਸਕੱਤਰ ਚੁਣੇ ਗਏ
ਫਾਸ਼ੀਵਾਦੀ ਸਰਕਾਰ ਖ਼ਿਲਾਫ਼ ਡਟ ਕੇ ਸੰਘਰਸ਼ ਕਰਨਾ ਅਤੇ ਜੱਥੇਬੰਦ ਹੋਣਾ ਸਮੇਂ ਦੀ ਮੁੱਖ ਲੋੜ:- ਪੀ ਐਸ ਯੂ
ਫਾਜ਼ਿਲਕਾ ਸਮਾਚਾਰ/ਸੋਨੂੰ ਵਰਮਾ,22 ਅਕਤੂਬਰ(ਫਾਜ਼ਿਲਕਾ): ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਐਮ ਆਰ ਸਰਕਾਰੀ ਕਾਲਜ ਫਾਜ਼ਿਲਕਾ ਦੀ 19 ਮੈਂਬਰੀ ਕਾਲਜ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸ਼ਾਨਾਮੱਤੇ ਇਤਿਹਾਸ ਤੋਂ ਵਿਦਿਆਰਥੀਆਂ ਨੂੰ ਜਾਣੂ ਕਵਾਉਂਦਿਆਂ ਵਿਦਿਆਰਥੀਆਂ ਤੇ ਨੌਜਵਾਨਾਂ ਦੇ ਭਵਿੱਖੀ ਕਾਰਜ ਅਤੇ ਜੱਥੇਬੰਦ ਹੋਣ ਦੀ ਮਹਤੱਤਾ ਵਿੱਸ਼ੇ ਉਪੱਰ ਗੱਲਬਾਤ ਕੀਤੀ ਗਈ।
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਧੀਰਜ ਫਾਜ਼ਿਲਕਾ ਅਤੇ ਜ਼ਿਲ੍ਹਾ ਪ੍ਰਧਾਨ ਮਮਤਾ ਲਾਧੂਕਾ ਨੇ ਕਿਹਾ ਕਿ ਅੱਜ ਦੇਸ਼ ਵਿੱਚ ਭਾਜਪਾ ਸਰਕਾਰ ਲੋਕਾਂ ਦੇ ਬੋਲਣ ਦੀ ਆਜ਼ਾਦੀ ਨੂੰ ਖ਼ਤਮ ਕਰਨ ਲੱਗੀ ਹੋਈ ਹੈ ਅਤੇ ਆਪਣੇ ਖਿਲਾਫ਼ ਖੜੀ ਹੋਣ ਵਾਲੀ ਹਰ ਆਵਾਜ਼ ਨੂੰ ਦਬਾਉਣ ਲੱਗੀ ਹੋਈ ਹੈ ਅਤੇ ਦੇਸ਼ ਵਿੱਚ ਅਣ ਐਲਾਨੀ ਐਮਰਜੰਸੀ ਲਗਾਈ ਹੋਈ ਹੈ। ਅਜਿਹੇ ਮਾਹੌਲ ਵਿੱਚ ਨੌਜਵਾਨਾਂ ਅਤੇ ਵਿਦਿਆਰਥੀਆਂ ਦੀ ਲਹਿਰ ਵੱਧ ਚੜ ਕੇ ਕੇਂਦਰ ਸਰਕਾਰ ਖਿਲਾਫ ਡਟ ਕੇ ਮੁਕਾਬਲਾ ਕਰ ਰਹੀ ਹੈ ਤੇ ਆਪਣੇ ਰੁਜ਼ਗਾਰ ਅਤੇ ਸਿੱਖਿਆ ਨੂੰ ਬਚਾਉਣ ਲਈ ਸੰਘਰਸ਼ ਕਰ ਰਹੀ ਹੈ। ਅੱਜ ਜਦੋਂ ਦੇਸ਼ ਦੀ ਫਾਸੀਵਾਦੀ ਸਰਕਾਰ ਲੋਕਾਂ ਦੇ ਵੋਟ ਕਰਨ ਦੇ ਅਧਿਕਾਰ ਨੂੰ ਖ਼ਤਮ ਕਰ ਕੇ ਸੱਤਾ ਤੇ ਆਪਣਾ ਕਬਜ਼ਾ ਜਮਾਉਣ ਦੀ ਕੋਸਿਸ਼ ਕਰ ਰਹੀ ਹੈ ਤਾਂ ਅਜਿਹੇ ਸਮੇਂ ਵਿੱਚ ਨੌਜਵਾਨ ਅਤੇ ਵਿਦਿਆਰਥੀਆਂ ਦਾ ਜੱਥੇਬੰਦ ਹੋਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।
ਇਸ ਦੇ ਨਾਲ ਹੀ ਜ਼ਿਲ੍ਹਾ ਆਗੂ ਦਿਲਕਰਨ ਰਤਨਪੁਰਾ, ਪ੍ਰਵੀਨ ਝੋਕ ਅਤੇ ਜਸਵਿੰਦਰ ਲਾਧੂਕਾ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਸਿੱਖਿਆ ਕ੍ਰਾਂਤੀ ਦੇ ਫੋਕੇ ਦਾਅਵੇ ਲੋਕਾਂ ਸਾਹਮਣੇ ਪੇਸ਼ ਕਰ ਰਹੀ ਹੈ ਤੇ ਵੱਡੇ ਵੱਡੇ ਫਲੇਕਸ ਲਗਵਾ ਕੇ ਲੋਕਾਂ ਨੂੰ ਬੇਵਕੂਫ ਬਣਾ ਰਹੀ ਹੈ ਜਦ ਕਿ ਦੂਜੇ ਪਾਸੇ ਸਰਕਾਰੀ ਵਿੱਦਿਅਕ ਸੰਸਥਾਵਾਂ ਦੀ ਹਾਲਤ ਤਰਸਯੋਗ ਹੈ। ਵਿੱਦਿਅਕ ਸੰਸਥਾਵਾਂ ਮੁਢੱਲੀਆਂ ਜ਼ਰੂਰਤਾਂ ਦੀ ਥੁੜ ਨਾਲ ਜੂਝ ਰਹੀਆਂ ਹਨ। ਇਸ ਲਈ ਅੱਜ ਵਿੱਦਿਅਕ ਸੰਸਥਾਵਾਂ ਬਚਾਉਣ ਲਈ ਜੱਥੇਬੰਦ ਹੋਣਾ ਵੀ ਸਮੇਂ ਦੀ ਮੁੱਖ ਜਰੂਰਤ ਹੈ।
ਇਸ ਮੌਕੇ ਦਿਲਕਰਨ ਰਤਨਪੁਰਾ ਨੂੰ ਕਾਲਜ ਕਮੇਟੀ ਪ੍ਰਧਾਨ, ਜਸਵਿੰਦਰ ਲਾਧੂਕਾ ਨੂੰ ਮੀਤ ਪ੍ਰਧਾਨ, ਪ੍ਰਵੀਨ ਝੋਕ ਨੂੰ ਸਕੱਤਰ, ਰਮਨਦੀਪ ਕੌਰ ਤੇ ਸੰਜਨਾ ਫਾਜ਼ਿਲਕਾ ਨੂੰ ਖਜਾਨਚੀ, ਸੰਜਨਾ ਘੂਰੀ ਤੇ ਗੁਰਖਿਆਲ ਸਿੰਘ ਨੂੰ ਪ੍ਰੈਸ ਸਕੱਤਰ ਅਤੇ ਬਾਕੀ ਕਾਲਜ ਕਮੇਟੀ ਮੈਂਬਰ ਵਜੋਂ ਚੁਣੇ ਗਏ। ਅੰਤ ਆਗੂਆਂ ਵੱਲੋਂ ਵਿੱਦਿਅਕ ਸੰਸਥਾਵਾਂ ਨੂੰ ਬਚਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।