
ਸਿਵਲ ਸਰਜਨ ਅਤੇ ਜ਼ਿਲਾ ਟੀਕਾਕਰਨ ਅਫਸਰ ਨੇ ਲਿਆ ਟੀਕਾਕਰਨ ਕੈਂਪਾਂ ਦਾ ਜਾਇਜਾ
ਕੈੰਪ ਦੌਰਾਨ ਪੋਸ਼ਟਿਕ ਖੁਰਾਕ ਤੋਂ ਲੈ ਕੇ ਜਣੇਪੇ ਦੀਆਂ ਤਿਆਰੀਆਂ ਬਾਰੇ ਵੀ ਕੀਤਾ ਜਾਂਦਾ ਹੈ ਜਾਗਰੂਕ : ਸਿਵਲ ਸਰਜਨ ਡਾ. ਕਵਿਤਾ ਸਿੰਘ
ਐਚ.ਪੀ.ਵੀ ਵੈਕਸੀਨੇਸ਼ਨ ਮੁਹਿੰਮ ਵਿਚ ਮਾਪਿਆਂ ਦਾ ਵਧਿਆ ਭਰੋਸਾ : ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਿੰਕੂ ਚਾਵਲਾ
ਫਾਜ਼ਿਲਕਾ,08 ਜੁਲਾਈ(ਸੋਨੂੰ ਵਰਮਾ): ਜੱਚਾ-ਬੱਚਾ ਸਿਹਤ ਪ੍ਰੋਗਰਾਮ ਨੂੰ ਹੋਰ ਮਜਬੂਤੀ ਦੇਣ ਦੇ ਮੰਤਵ ਨਾਲ ਸਿਹਤ ਵਿਭਾਗ ਦੇ ਨਿਰਦੇਸ਼ਾਂ ਹੇਠ ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਿੰਕੂ ਚਾਵਲਾ ਨੇ ਅੱਜ ਜ਼ਿਲ੍ਹੇ ਵਿਚ ਚੱਲ ਰਹੇ ਟੀਕਾਕਰਨ ਕੈਂਪਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਤੇ ਡਿਪਟੀ ਮਾਸ ਮੀਡੀਆ ਅਫਸਰ ਮਨਬੀਰ ਸਿੰਘ, ਏ.ਐਨ.ਐਮ ਸਟਾਫ ਅਤੇ ਆਸ਼ਾ ਵਰਕਰ ਮੌਜੂਦ ਸਨ।
ਡਾ. ਕਵਿਤਾ ਸਿੰਘ ਨੇ ਕਿਹਾ ਕਿ ਵਿਭਾਗ ਵਲੋਂ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ ਅਧੀਨ ਜ਼ਿਲ੍ਹੇ ਤਹਿਤ ਟੀਕਾਕਰਨ ਕੈੰਪ ਲਗਾਏ ਜਾ ਰਹੇ ਹਨ ਤਾਂ ਜੋ ਬੱਚਿਆਂ ਅਤੇ ਮਾਵਾਂ ਦੀ ਮੌਤ ਦਰ ਨੂੰ ਘਟਾਇਆ ਜਾ ਸਕੇ ਅਤੇ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ। ਸਰਕਾਰੀ ਟੀਕਾਕਰਨ ਸੂਚੀ ਮੁਤਾਬਕ ਲਗਣ ਵਾਲੇ ਟੀਕਿਆਂ ਰਾਹੀਂ 12 ਮਾਰੂ ਬੀਮਾਰੀਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਨਵ ਜਨਮੇਂ ਬੱਚੇ ਤੋਂ ਲੈ ਕੇ 16 ਸਾਲ ਤੱਕ ਦੇ ਬੱਚਿਆਂ ਦਾ ਨਿਯਮਿਤ ਟੀਕਾਕਰਨ ਕਰਵਾ ਕੇ ਪੋਲੀਓ, ਗਲ਼-ਘੋਟੂ, ਕਾਲ਼ੀ ਖਾਂਸੀ, ਟੈਟਨਸ, ਦਿਮਾਗੀ ਬੁਖਾਰ, ਪੀਲ਼ੀਆ, ਖਸਰਾ, ਰੁਬੇਲਾ ਤੇ ਨਿਮੋਨੀਆ ਆਦਿ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਇਹਨਾਂ ਕੈੰਪਾਂ ਦੌਰਾਨ ਗਰਭਵਤੀ ਔਰਤਾਂ, ਮਾਵਾਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਪੋਸ਼ਟਿਕ ਖੁਰਾਕ ਦੇ ਮਹੱਤਵ, ਗਰਭਵਤੀ ਔਰਤ ਅਤੇ ਨਵਜੰਮੇ ਬੱਚੇ ਦੀ ਦੇਖਭਾਲ, ਦੁੱਧ ਚੁੰਘਾਉਣ ਦੇ ਸਹੀ ਤਰੀਕੇ, ਜਣੇਪੇ ਸਮੇਂ ਦੀਆਂ ਤਿਆਰੀਆਂ ਅਤੇ ਬਿਮਾਰੀਆਂ ਤੋਂ ਬਚਾਅ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਫੀਲਡ ਸਟਾਫ਼ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਉਹ ਆਪਣੇ ਏਰੀਏ ਅਧੀਨ ਆਉਂਦੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਵਾਉਣ, ਕਿਉਂਕਿ ਜੇਕਰ ਕੁਝ ਬੱਚੇ ਵੀ ਮੁਕੰਮਲ ਟੀਕਾਕਰਨ ਤੋਂ ਵਾਂਝੇ ਰਹਿ ਜਾਂਦੇ ਹਨ ਤਾਂ ਉਸ ਬੀਮਾਰੀ ਦਾ ਖਤਰਾ ਸਮਾਜ ’ਤੇ ਬਣਿਆ ਰਹਿੰਦਾ ਹੈ।
ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਿੰਕੂ ਚਾਵਲਾ ਨੇ ਕਿਹਾ ਕਿ ਸਿਹਤ ਕਰਮੀਆਂ ਵਲੋਂ ਰੂਟੀਨ ਟੀਕਾਕਰਨ ਦੇ ਨਾਲ ਹੀ ਐਚ.ਪੀ.ਵੀ ਵੈਕਸੀਨੇਸ਼ਨ ਵੀ ਕੀਤੀ ਜਾ ਰਹੀ ਹੈ। ਇਹ ਵੈਕਸੀਨ 14 ਤੋਂ 15 ਸਾਲ ਦੀਆਂ ਕੁੜੀਆਂ ਨੂੰ ਹਿਊਮਨ ਪੇਪੀਲੋਮਾ ਵਾਇਰਸ (ਐਚ.ਪੀ.ਵੀ) ਤੋਂ ਬਚਾਅ ਵਿਚ ਸਹਾਇਕ ਹੈ। ਇਹ ਵਾਇਰਸ ਮਹਿਲਾਵਾਂ ਵਿਚ ਸਰਵਾਈਕਲ ਕੈਂਸਰ ਭਾਵ ਬੱਚੇਦਾਨੀ ਦੇ ਕੈਂਸਰ ਦਾ ਕਾਰਨ ਬਣਦਾ ਹੈ। ਡਾ. ਰਿੰਕੂ ਚਾਵਲਾ ਨੇ ਦਸਿਆ ਕਿ ਐਚ.ਪੀ.ਵੀ ਵੈਕਸੀਨੇਸ਼ਨ ਮੁਹਿੰਮ ਵਿਚ ਮਾਪਿਆਂ ਦਾ ਭਰੋਸਾ ਵਧਿਆ ਹੈ ਜਿਸ ਕਾਰਨ ਪਿਛਲੇ ਦਿਨੀਂ ਪੂਰੇ ਜ਼ਿਲ੍ਹੇ ਦੀਆਂ ਲਗਭਗ 85 ਕੁੜੀਆਂ ਨੇ ਇਕ ਦਿਨ ਵਿਚ ਟੀਕਾਕਰਨ ਕਰਵਾਇਆ ਹੈ। ਐਚ.ਪੀ.ਵੀ ਵੈਕਸੀਨੇਸ਼ਨ ਮੁਹਿੰਮ 31 ਅਗਸਤ ਤਕ ਜਾਰੀ ਰਹੇਗੀ ਜਿਸ ਨੂੰ ਸਫਲ ਬਣਾਉਣ ਲਈ ਸਮੂਹ ਫੀਲਡ ਸਟਾਫ, ਏ.ਐਨ.ਐਮ ਅਤੇ ਆਸ਼ਾ ਵਰਕਰ ਆਪਣਾ ਸਹਿਯੋਗ ਦੇ ਰਹੇ ਹਨ। ਇਸ ਮੌਕੇ ਅਧਿਕਾਰੀਆਂ ਵਲੋਂ ਸਟਾਫ਼ ਦੇ ਵੈਕਸੀਨੇਸ਼ਨ ਰਿਕਾਰਡ ਦਾ ਨਿਰੀਖਣ ਵੀ ਕੀਤਾ ਗਿਆ।