"ਯੁੱਧ ਨਸ਼ਿਆਂ ਵਿਰੁਧ" ਮੁਹਿੰਮ ਅਧੀਨ ਸਿਹਤ ਵਿਭਾਗ ਫਾਜ਼ਿਲਕਾ ਦੀ ਡਰੱਗ ਟੀਮ ਨੇ ਮੈਡੀਕਲ ਸਟੋਰਾਂ ਦੀ ਕੀਤੀ ਚੈਕਿੰਗ
ਫਾਜ਼ਿਲਕਾ,25 ਜੁਲਾਈ(ਸੋਨੂੰ ਵਰਮਾ): ਸ੍ਰ ਭਗਵੰਤ ਸਿੰਘ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਚਨਬੱਧ ਹੈ ਅਤੇ ਇਸ ਟੀਚੇ ਨੂੰ ਪੂਰਾ ਕਰਨ ਲਈ ਪੰਜਾਬ ਵਿੱਚ "ਯੁੱਧ, ਨਸ਼ਿਆਂ ਵਿਰੁਧ" ਮੁਹਿੰਮ ਸਫ਼ਲਤਾਪੂਰਵਕ ਚੱਲ ਰਹੀ ਹੈ।
ਇਸੇ ਮੁਹਿੰਮ ਅਧੀਨ ਸਿਹਤ ਵਿਭਾਗ ਫਾਜਿਲਕਾ ਵੱਲੋਂ ਸਿਵਲ ਸਰਜਨ ਡਾ ਕਵਿਤਾ ਸਿੰਘ ਅਤੇ ਸ੍ਰੀ ਗੁਰਬਿੰਦਰ ਸਿੰਘ ਅਸਿਸਟੈਂਟ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਸਟਰੇਸ਼ਨ ਦੇ ਹੁਕਮਾਂ ਅਨੁਸਾਰ ਗਠਿਤ ਟੀਮ, ਜਿਸ ਦੀ ਅਗਵਾਈ ਹਰਜਿੰਦਰ ਸਿੰਘ ਡਰੱਗ ਕੰਟਰੋਲ ਅਫ਼ਸਰ ਕਰ ਰਹੇ ਸਨ ਅਤੇ ਮੁੱਖ ਦਫ਼ਤਰ ਖਰੜ ਤੋਂ ਫੀਲਡ ਇਨਵੈਸਟੀਗੇਟਰ ਅਮਨ ਕਾਲੜਾ ਅਤੇ ਸਹਾਇਕ ਪ੍ਰਦੀਪ ਸਿੰਘ ਵੱਲੋਂ ਫਾਜ਼ਿਲਕਾ ਦੇ 2 ਥੋਕ ਅਤੇ 2 ਰਿਟੇਲ ਕੁਲ 4 ਮੈਡੀਕਲ ਸਟੋਰਾਂ ਦੀ ਚੈਂਕਿੰਗ ਕੀਤੀ ਗਈ ਅਤੇ ਕਈ ਤਰ੍ਹਾਂ ਦੀਆਂ ਖਾਮੀਆਂ ਪਾਈਆਂ ਗਈਆਂ। ਸੁਲੇਮਾਨ ਰੋਡ ਤੇ ਥੋਕ ਮੈਡੀਕਲ ਸਟੋਰ ਤੇ ਕਈ ਤਰੁੱਟੀਆਂ ਪਾਈਆਂ ਗਈਆਂ ਅਤੇ ਕੰਪੀਟੈਂਟ ਆਦਮੀ ਹਾਜ਼ਰ ਨਾ ਹੋਣ ਕਰਕੇ ਅਗਲੇ ਹੁਕਮਾਂ ਤੱਕ ਬੰਦ ਕਰਵਾਇਆ ਗਿਆ ਹੈ। ਇਨ੍ਹਾਂ ਮੈਡੀਕਲ ਸਟੋਰਾਂ ਤੋਂ 6 ਦਵਾਈਆਂ ਤੇ ਡੀ ਪੀ ਸੀ ਓ ਦੀ ਲਿਸਟ ਅਨੁਸਾਰ ਐਮ ਆਰ ਪੀ ਜ਼ਿਆਦਾ ਸੀ। ਜਿਸ ਅਧੀਨ ਇਨ੍ਹਾਂ ਦਵਾਈਆਂ ਬਨਾਉਣ ਵਾਲੀਆਂ ਕੰਪਨੀਆਂ ਨੂੰ ਨੋਟਿਸ ਕੱਢੇ ਜਾਣਗੇ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਸਮੇਂ 3 ਦਵਾਈਆਂ ਦੇ ਨਮੂਨੇ ਲਏ ਗਏ ਹਨ, ਜਿਸ ਨੂੰ ਅਗਲੀ ਕਾਰਵਾਈ ਲਈ ਲੈਬ ਵਿੱਚ ਭੇਜਿਆ ਜਾਵੇਗਾ।
ਹਰਜਿੰਦਰ ਸਿੰਘ ਨੇ ਦੱਸਿਆ ਕਿ ਜਿਲ੍ਹਾ ਫਾਜ਼ਿਲਕਾ ਵਿੱਚ 1 ਜੂਨ ਤੋਂ ਹੁਣ ਤੱਕ 11 ਲਾਇਸੈਂਸ ਸਸਪੈਂਡ ਕਰ ਦਿੱਤੇ ਗਏ ਹਨ ਅਤੇ 5 ਫਰਮਾਂ ਨੂੰ ਸ਼ੋ ਕਾਜ਼ ਨੋਟਿਸ ਜਾਰੀ ਕੀਤੇ ਗਏ ਹਨ। ਕਈ ਮੈਡੀਕਲ ਸਟੋਰਾਂ ਸੇਲ ਰਿਕਾਰਡ ਮੇਨਟੇਨ ਨਹੀਂ ਕੀਤਾ ਹੋਇਆ ਸੀ ਅਤੇ ਹੋਰ ਵੀ ਖਾਮੀਆਂ ਪਾਈਆਂ ਗਈਆਂ। ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਲਿੱਖ ਦਿੱਤਾ ਗਿਆ ਹੈ ਅਤੇ ਐਕਟ ਡਰੱਗਜ਼ ਅਤੇ ਕਾਸਮੈਟਿਕ ਐਕਟ 1940 ਅਧੀਨ ਬਣਦੀ ਕਾਰਵਾਈ ਕੀਤੀ ਜਾਵੇਗੀ।
ਡਾ ਕਵਿਤਾ ਸਿੰਘ ਨੇ ਦੱਸਿਆ ਕਿ ਡਰੱਗ ਅਤੇ ਕਾਸਮੈਟਿਕ ਐਕਟ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕੈਮਿਸਟ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਦਵਾਈਆਂ ਦੀ ਖਰੀਦ ਅਤੇ ਵਿਕਰੀ ਸਬੰਧੀ ਪੂਰਾ ਰਿਕਾਰਡ ਰੱਖਿਆ ਜਾਵੇ, ਪਾਬੰਦੀਸ਼ੁਦਾ ਦਵਾਈਆਂ ਨਾ ਰੱਖੀਆਂ ਜਾਣ, ਫਾਰਮਾਸਿਸਟ ਹਾਜ਼ਰ ਰਹਿਣ ਅਤੇ ਰਿਕਾਰਡ ਮੁਕੰਮਲ ਰੱਖਿਆ ਜਾਵੇ।ਇਸੇ ਤਰ੍ਹਾ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਮੁਹਿੰਮ ਅਧੀਨ ਚੈਂਕਿੰਗਾਂ ਜਾਰੀ ਰਹਿਣਗੀਆਂ। ਇਸ ਮੌਕੇ ਸੁਖਦੇਵ ਸਿੰਘ ਵੀ ਮੌਜੂਦ ਸਨ।