
ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਆਮ ਆਦਮੀ ਕਲੀਨਿਕ ਕਿੱਲਿਆਂ ਵਾਲੀ ਲਈ ਮੈਡੀਕਲ ਅਫ਼ਸਰ ਨੂੰ ਦਿੱਤਾ ਨਿਯੁਕਤੀ ਪੱਤਰ।
ਆਮ ਆਦਮੀ ਕਲੀਨਿਕਾਂ ਵਿੱਚ ਲੋਕਾਂ ਨੂੰ ਮਿਲ ਰਹੀਆਂ ਹਨ ਬਿਹਤਰ ਸੁਵਿਧਾਵਾਂ : ਡਾ ਕਵਿਤਾ ਸਿੰਘ।
ਫ਼ਾਜ਼ਿਲਕਾ, 28 ਜੁਲਾਈ(ਸੋਨੂੰ ਵਰਮਾ): ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰਾਂ ਦੇ ਨੇੜੇ ਸਿਹਤ ਸੁਵਿਧਾਵਾਂ ਦੇਣ ਦੇ ਮੰਤਵ ਨਾਲ ਰਾਜ ਵਿੱਚ ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ ਹਨ ਅਤੇ ਲਗਾਤਾਰ ਇਹਨਾਂ ਕਲਿਨਿਕਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਹਨਾਂ ਕਲੀਨਿਕਾਂ ਵਿੱਚ ਵੱਖ ਵੱਖ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਅੱਜ ਡਾ ਕਵਿਤਾ ਸਿੰਘ ਸਿਵਲ ਸਰਜਨ ਫਾਜਿਲਕਾ ਵੱਲੋਂ ਆਮ ਆਦਮੀ ਕਲੀਨਿਕ ਕਿੱਲਿਆਂ ਵਾਲੀ ਲਈ ਡਾ ਆਸਥਾ ਮੈਡੀਕਲ ਅਫ਼ਸਰ ਨੂੰ ਨਿਯੁਕਤੀ ਪੱਤਰ ਦਿੱਤੇ। ਇਸ ਸਮੇਂ ਡਾ ਉਪਿੰਦਰ ਸਿੰਘ ਸਹਾਇਕ ਸਿਵਲ ਸਰਜਨ, ਰਾਜੇਸ਼ ਕੁਮਾਰ ਜਿਲ੍ਹਾ ਪ੍ਰੋਗਰਾਮ ਮੈਨੇਜਰ, ਮਾਸ ਮੀਡੀਆ ਵਿੰਗ ਤੋਂ ਮਨਬੀਰ ਸਿੰਘ ਦਿਵਸ਼ ਕੁਮਾਰ ਸੁਖਦੇਵ ਸਿੰਘ ਅਤੇ ਆਕਾਸ਼ ਕੁਮਾਰ ਹਾਜ਼ਰ ਸਨ।
ਡਾਕਟਰ ਕਵਿਤਾ ਸਿੰਘ ਨੇ ਦੱਸਿਆ ਕਿ ਜਿਲ੍ਹਾ ਫਾਜਿਲਕਾ ਵਿੱਚ ਆਮ ਆਦਮੀ ਕਲੀਨਿਕ ਲੋਕਾਂ ਲਈ ਵਰਦਾਨ ਸਿੱਧ ਹੋ ਰਹੇ ਹਨ ਅਤੇ ਲੋਕ ਇਨ੍ਹਾਂ ਕਲੀਨਿਕਾਂ ਵਿੱਚ ਵਿਸ਼ਵਾਸ ਰੱਖ ਕੇ ਇਲਾਜ ਕਰਵਾ ਰਹੇ ਹਨ। ਉਹਨਾਂ ਦੱਸਿਆ ਕਿ ਜਿਲ੍ਹਾ ਫਾਜਿਲਕਾ ਵਿੱਚ 30 ਆਮ ਆਦਮੀ ਕਲੀਨਿਕ ਸਫ਼ਲਤਾ ਪੂਰਵਕ ਚੱਲ ਰਹੇ ਹਨ। ਇਹਨਾਂ ਕਲੀਨਿਕ ਵਿੱਚ ਮੌਕੇ ਤੇ ਹੀ ਮਰੀਜਾਂ ਦਾ ਚੈੱਕਅੱਪ ਕਰਕੇ ਲੋੜੀਦੀਆਂ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ। ਆਮ ਆਦਮੀ ਕਲੀਨਿਕ ਵਿੱਚ 46 ਤਰ੍ਹਾਂ ਦੇ ਲੈਬ ਟੈਸਟ ਅਤੇ ਲਗਭਗ 100 ਤਰ੍ਹਾਂ ਦੀਆਂ ਜਰੂਰੀ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ, ਗਰਭਵਤੀ ਦਾ ਇਲਾਜ, ਮੁਫ਼ਤ ਅਲਟਰਾ ਸਾਉਂਡ ਲਈ ਰੈਫ਼ਰ, ਰੇਬੀਜ਼ ਦੀ ਵੈਕਸੀਨ, ਟੀਕਾਕਰਣ ਅਤੇ ਹੋਰ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਮਰੀਜਾਂ ਦਾ ਆਨਲਾਇਨ ਰਿਕਾਰਡ ਰੱਖਿਆ ਜਾ ਰਿਹਾ ਹੈ। ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਨਵਨਿਯੁਕਤ ਮੈਡੀਕਲ ਅਫ਼ਸਰ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਮਰੀਜਾਂ ਅਤੇ ਲੋਕਾਂ ਨੂੰ ਤਨਦੇਹੀ ਨਾਲ ਸਿਹਤ ਸੇਵਾਵਾਂ ਦੇਣ ਲਈ ਕਿਹਾ।